ਨਵੀਂ ਦਿੱਲੀ : ‘ਮੋਦੀ ਗੋਤ’ ’ਤੇ ਟਿੱਪਣੀ ਸੰਬੰਧੀ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ’ਤੇ ਸੁਪਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਬਾਅਦ ਸੋਮਵਾਰ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ ਜਦੋਂ ਲੋਕ ਸਭਾ ਸਕੱਤਰੇਤ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਨੋਟੀਫਿਕੇਸ਼ਨ ਵਿਚ ਸਕੱਤਰੇਤ ਨੇ ਕਿਹਾ ਕਿ ਸੁਪਰੀਮ ਕੋਰਟ ਦੇ 4 ਅਗਸਤ ਦੇ ਫੈਸਲੇ ਦੇ ਮੱਦੇਨਜ਼ਰ ਰਾਹੁਲ ਗਾਂਧੀ ਦੀ ਅਯੋਗਤਾ ਬਾਰੇ 24 ਮਾਰਚ ਦੇ ਨੋਟੀਫਿਕੇਸ਼ਨ ਨੂੰ ਅਗਲੇ ਨਿਆਂਇਕ ਫੈਸਲੇ ਤੱਕ ਲਾਗੂ ਕਰਨ ’ਤੇ ਰੋਕ ਲਗਾਈ ਗਈ ਹੈ। ਇਸੇ ਦੌਰਾਨ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਸੰਸਦ ਪੁੱਜੇ, ਜਿੱਥੇ ਕਾਂਗਰਸ ਅਤੇ ਕੁਝ ਹੋਰ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਉਨ੍ਹਾ ਦਾ ਸਵਾਗਤ ਕੀਤਾ ਅਤੇ ਉਨ੍ਹਾ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ। ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ, ਰਾਜ ਸਭਾ ਵਿਚ ਪਾਰਟੀ ਦੇ ਉਪ ਨੇਤਾ ਪ੍ਰਮੋਦ ਤਿਵਾੜੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਸ਼ਿਵ ਸੈਨਾ (ਯੂ ਬੀ ਟੀ) ਦੇ ਸੰਜੇ ਰਾਉਤ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐੱਨ ਕੇ ਪ੍ਰੇਮਚੰਦਰਨ ਅਤੇ ਕਈ ਹੋਰ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਗੇਟ ’ਤੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। 8 ਅਗਸਤ ਨੂੰ ਮੋਦੀ ਸਰਕਾਰ ਖਿਲਾਫ ਬੇਵਿਸਾਹੀ ਮਤੇ ’ਤੇ ਲੋਕ ਸਭਾ ਵਿਚ ਵੱਡੀ ਬਹਿਸ ਹੋਣੀ ਹੈ, ਜਿਸ ਵਿਚ ਰਾਹੁਲ ਗਾਂਧੀ ਹਿੱਸਾ ਲੈਣਗੇ।





