ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਤਾਇਨਾਤ ਏ ਐੱਸ ਆਈ ਮਾਲਵਿੰਦਰ ਸਿੰਘ ਵਿਰੁੱਧ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਿਮਤਾਣਾ ਵਾਸੀ ਜਗਤਾਰ ਸਿੰਘ ਤੋਂ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਬਿਊਰੋ ਦੇ ਬੁਲਾਰੇ ਮੁਤਾਬਕ ਜਗਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਏ ਐੱਸ ਆਈ ਨੇ ਆਈ ਪੀ ਸੀ ਦੀ ਧਾਰਾ 420, 406, 120-ਬੀ, 506 ਤਹਿਤ ਥਾਣਾ ਸਿਟੀ-1, ਮਾਲੇਰਕੋਟਲਾ ਵਿਖੇ ਦਰਜ ਐੱਫ ਆਈ ਆਰ ’ਚੋਂ ਉਸ ਦੇ ਮੁੰਡੇ ਪਵਨਪ੍ਰੀਤ ਸਿੰਘ ਦਾ ਨਾਂਅ ਕਢਵਾਉਣ ਬਦਲੇ 50,000 ਰੁਪਏ ਮੰਗੇ ਸਨ। ਉਹ ਪਹਿਲਾਂ ਹੀ ਉਸ ਤੋਂ 10 ਹਜ਼ਾਰ ਰੁਪਏ ਲੈ ਚੁੱਕਾ ਹੈ। ਬਿਊਰੋ ਦੀ ਟੀਮ ਨੇ ਮੁਲਜ਼ਮ ਏ ਐੱਸ ਆਈ ਨੂੰ ਫੜਨ ਲਈ ਟਰੈਪ ਲਗਾਇਆ, ਪਰ ਮੁਲਜ਼ਮ ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ 10,000 ਰੁਪਏ ਰਿਸ਼ਵਤ ਸਮੇਤ ਆਪਣੀ ਸਵਿਫਟ ਕਾਰ ’ਚ ਮੌਕੇ ਤੋਂ ਫਰਾਰ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਤਾਂ ਬਾਲਦ ਕੈਂਚੀਆਂ (ਭਵਾਨੀਗੜ੍ਹ) ਨੇੜੇ ਉਸ ਦੀ ਕਾਰ ਬਰਾਮਦ ਹੋਈ। ਕਾਰ ਦੀ ਚੈਕਿੰਗ ਦੌਰਾਨ ਉਸ ਵਿੱਚੋਂ 460 ਗ੍ਰਾਮ ਭੁੱਕੀ ਅਤੇ 9 ਗ੍ਰਾਮ ਅਫ਼ੀਮ ਤੋਂ ਇਲਾਵਾ ਰਿਸ਼ਵਤ ਦੇ 10,000 ਰੁਪਏ ਬਰਾਮਦ ਹੋਏ। ਬੁਲਾਰੇ ਨੇ ਦੱਸਿਆ ਕਿ ਏ ਐੱਸ ਆਈ ਵਿਰੁੱਧ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐੱਫ ਆਈ ਆਰ ਦਰਜ ਕੀਤੀ ਗਈ ਹੈ। ਥਾਣਾ ਭਵਾਨੀਗੜ੍ਹ ਵਿਚ ਐੱਨ ਡੀ ਪੀ ਐੱਸ ਐਕਟ ਤਹਿਤ ਵੱਖਰਾ ਕੇਸ ਵੀ ਦਰਜ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਤਾਇਨਾਤ ਇੱਕ ਅਟੈਂਡੈਂਟ ਇਮਰਾਨ ਨੂੰ 6000 ਰੁਪਏ ਰਿਸ਼ਵਤ ਲੈਂਦਿਆਂ ਨਾਜਮ ਵਾਸੀ ਮੁਹੱਲਾ ਖੁਸ਼ਹਾਲ ਬਸਤੀ ਮਾਲੇਰਕੋਟਲਾ ਦੀ ਸ਼ਿਕਾਇਤ ’ਤੇ ਗਿ੍ਰਫ਼ਤਾਰ ਕਰ ਲਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਮਰਾਨ, ਜੋ ਕਿ ਡਾਕਟਰ ਚਮਨਜੋਤ ਸਿੰਘ ਦੇ ਨਾਲ ਬਤੌਰ ਅਟੈਂਡੈਂਟ ਤਾਇਨਾਤ ਹੈ, ਨੇ ਉਸ ਦੀ ਪਤਨੀ ਦੇ ਪਿੱਤੇ ਦੇ ਅਪ੍ਰੇਸਨ ਦੀ ਤਰੀਕ ਪਹਿਲਾਂ ਕਰਨ ਬਦਲੇ 6000 ਰੁਪਏ ਰਿਸ਼ਵਤ ਮੰਗੀ ਸੀ। ਬਿਊਰੋ ਦੀ ਟੀਮ ਨੇ ਟਰੈਕ ਲਾ ਕੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 6000 ਰੁਪਏ ਰਿਸ਼ਵਤ ਲੈਂਦਿਆਂ ਨੂੰ ਗਿ੍ਰਫ਼ਤਾਰ ਕਰ ਲਿਆ।



