26.8 C
Jalandhar
Tuesday, August 16, 2022
spot_img

ਅਗਨੀਪੱਥ ਨੌਜਵਾਨਾਂ ਦੇ ਭਵਿੱਖ ‘ਤੇ ਸਵਾਲੀਆ ਚਿੰਨ੍ਹ, ਦੇਸ਼ ਦੀ ਸੁਰੱਖਿਆ ਲਈ ਵੀ ਬਣ ਸਕਦੀ ਹੈ ਵੱਡਾ ਖ਼ਤਰਾ : ਜਗਰੂਪ

ਮੋਗਾ (ਅਮਰਜੀਤ ਬੱਬਰੀ)
ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਬਲਵਿੰਦਰ ਸਿੰਘ ਸੰਧੂ ਦੀ 19ਵੀਂ ਬਰਸੀ ਮੋਗਾ ਦੇ ਬੱਸ ਸਟੈਂਡ ਵਿੱਚ ਬਲਵਿੰਦਰ ਸਿੰਘ ਸੰਧੂ ਯਾਦਗਾਰੀ ਹਾਲ ਵਿੱਚ ਮਨਾਈ ਗਈ | ਬਰਸੀ ਮਨਾਉਣ ਸਮੇਂ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਵਿੱਚ ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ, ਡਿਪਟੀ ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ, ਮੁੱਖ ਸਲਾਹਕਾਰ ਬਚਿੱਤਰ ਸਿੰਘ ਧੋਥੜ, ਅਵਤਾਰ ਸਿੰਘ ਤਾਰੀ ਜਲੰਧਰ, ਗੁਲਮੇਲ ਮੈਲਡੇ, ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਚਮਕੌਰ ਸਿੰਘ ਡਗਰੂ ਹਾਜ਼ਰ ਸਨ | ਗੁਰਜੰਟ ਸਿੰਘ ਕੋਕਰੀ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ | ਬਰਸੀ ਸਮਾਗਮ ਉਪਰ ਹਾਜ਼ਰ ਸਾਥੀਆਂ ਨੂੰ ਸਕੂਲ/ ਵਰਕਸ਼ਾਪ ਦੇ ਰੂਪ ਵਿੱਚ ਪੜ੍ਹਾਉਣ ਲਈ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਉਚੇਚੇ ਤੌਰ ‘ਤੇ ਪਹੁੰਚੇ | ਉਹਨਾ ਜਿੱਥੇ ਬਲਵਿੰਦਰ ਸੰਧੂ ਨਾਲ ਬਿਤਾਏ ਪਲ ਯਾਦ ਕੀਤੇ, ਉਥੇ ਮੌਜੂਦਾ ਸਮੇਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਰਾਜਨੀਤਕ ਅਤੇ ਆਰਥਕ ਵਿਸ਼ਲੇਸ਼ਣ ਕੀਤਾ | ਉੇਹਨਾ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਪਬਲਿਕ ਅਦਾਰਿਆਂ ਪ੍ਰਤੀ ਬਹੁਤ ਹੀ ਬੇਰੁਖੀ ਅਪਣਾ ਰਹੀਆਂ ਹਨ, ਜੋ ਗਰੀਬ ਅਤੇ ਮੱਧ ਵਰਗੀ ਲੋਕਾਂ ਦੀ ਜ਼ਿੰਦਗੀ ਨਾਲ ਭਾਰੀ ਖਿਲਵਾੜ ਹੋਵੇਗਾ | ਇੱਕ-ਇੱਕ ਕਰਕੇ ਰੇਲਵੇ, ਏਅਰਲਾਈਨਾਂ, ਕੋਲਾ ਖਾਣਾਂ, ਬਿਜਲੀ, ਟ੍ਰਾਂਸਪੋਰਟ, ਸਿਹਤ ਵਿਵਸਥਾ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ | ਦਿਨੋ-ਦਿਨ ਵਧ ਰਹੀ ਮਹਿੰਗਾਈ ਅਤੇ ਘਟ ਰਹੀਆਂ ਉਜਰਤਾਂ ਮਨੁੱਖੀ ਜ਼ਿੰਦਗੀ ਨੂੰ ਛੋਟਾ ਕਰ ਰਹੀਆਂ ਹਨ | ਬੇਰੁਜ਼ਗਾਰੀ ਅਤੇ ਡੂੰਘੇ ਹੋ ਰਹੇ ਪਾਣੀ ਕਿਸੇ ਵੀ ਸਰਕਾਰ ਦੇ ਅਜੰਡੇ ਉੱਪਰ ਨਹੀਂ ਹਨ | ਹੁਣ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਵਰਗੇ ਅਹਿਮ ਹਿੱਸੇ ਨੂੰ ਵੀ ਠੇਕੇ ਉਪਰ ਕੀਤਾ ਜਾ ਰਿਹਾ ਹੈ | ਫੌਜ ਵਿੱਚ ਅਗਨੀਪੱਥ ਯੋਜਨਾ ਤਹਿਤ ਭਰਤੀ ਕੇਵਲ ਚਾਰ ਸਾਲਾਂ ਦੇ ਠੇਕਾ ਸਿਸਟਮ ਉਪਰ ਕੀਤੀ ਜਾ ਰਹੀ ਹੈ, ਜੋ ਕਿ ਜਿੱਥੇ ਨੌਜਵਾਨਾਂ ਦੇ ਭਵਿੱਖ ‘ਤੇ ਸਵਾਲੀਆ ਚਿੰਨ੍ਹ ਹੋਵੇਗਾ, ਉਥੇ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦੀ ਹੈ |
ਸੀ ਪੀ ਆਈ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ ਨੇ ਬਲਵਿੰਦਰ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਧੂ ਸਦਾ ਹੀ ਲੋਕਾਂ ਵਿੱਚ ਵਿਚਰਨ ਵਾਲੇ ਅਤੇ ਆਰਥਕ ਮਸਲਿਆਂ ਬਾਰੇ ਲੰਮੀ ਸੂਝ ਵਾਲੇ ਦਿ੍ੜ੍ਹ ਆਗੂ ਸਨ | ਉਹਨਾ ਵਿੱਚ ਕਮਾਲ ਦੀ ਰਵਾਨਗੀ ਅਤੇ ਦਲੀਲ ਭਰੀ ਗੱਲਬਾਤ ਕਰਨ ਦੀ ਯੋਗਤਾ ਸੀ, ਜੋ ਕਿ ਹਰ ਸੁਣਨ ਵਾਲੇ ਨੂੰ ਪ੍ਰਭਾਵਤ ਕਰਦੀ ਸੀ | ਸਰਕਾਰਾਂ ਲਈ ਜ਼ਰੂਰੀ ਹੈ ਕਿ ਪੱਖਪਾਤ ਅਤੇ ਫਿਰਕੂ ਲੀਹਾਂ ਨੂੰ ਪਾਸੇ ਕਰਕੇ ਕੇਵਲ ਲੋਕ ਭਲਾਈ ਲਈ ਕਦਮ ਉਠਾਉਣ ਅਤੇ ਆਪਣੇ ਚੋਣ ਵਾਅਦੇ ਪੂਰੇ ਕਰਨ | ਮਹਿੰਗੀ ਵਿੱਦਿਆ, ਮਹਿੰਗਾ ਇਲਾਜ, ਅਸੁਰੱਖਿਅਤ ਭਵਿੱਖ, ਨੌਜਵਾਨੀ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਕਰ ਰਿਹਾ ਹੈ | ਲੋਕਾਂ ਨੇ ਵੱਡਾ ਬਹੁਮਤ ਦੇ ਕੇ ਸਰਕਾਰ ਬਣਾਈ ਹੈ, ਇਸ ਲਈ ਜ਼ਿੰਮੇਵਾਰੀ ਵੀ ਓਨੀ ਹੀ ਵੱਡੀ ਹੈ | ਜੇਕਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਤਾਂ ਲੋਕਤੰਤਰ ਵਿੱਚ ਲੋਕ ਹਮੇਸ਼ਾ ਹੀ ਬਲਵਾਨ ਹੁੰਦੇ ਹਨ | ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਤੋਂ ਜਲਦ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ | ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਮੌਜੂਦਾ ਸਰਕਾਰ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਸਨ, ਪਰ ਹੁਣ ਸਰਕਾਰ ਇਹਨਾਂ ਮੰਗਾਂ ਨੂੰ ਪੂਰਾ ਕਰਨ ਤੋਂ ਕੰਨੀ ਕਤਰਾ ਰਹੀ ਹੈ | ਇਸੇ ਲਈ ਸੂਬੇ ਦਾ 2004 ਤੋਂ ਬਾਅਦ ਭਰਤੀ ਮੁਲਾਜ਼ਮ 28 ਜੂਨ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਪਹੁੰਚ ਰਿਹਾ ਹੈ, ਤਾਂ ਜੋ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਸਰਕਾਰ ਨੂੰ ਯਾਦ ਕਰਵਾਇਆ ਜਾ ਸਕੇ | ਇਸ ਮੌਕੇ ਵੱਖ-ਵੱਖ ਡਿਪੂਆਂ ਵਿੱਚੋਂ ਸਾਥੀ ਪਹੁੰਚੇ ਸਨ | ਆਗੂਆਂ ਵੱਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੁਖਜਿੰਦਰ ਮਹੇਸਰੀ, ਕਰਮਵੀਰ ਕੌਰ ਬੱਧਨੀ, ਗੁਰਪ੍ਰੀਤ ਕੈਸ਼ੀਅਰ, ਜਗਪਾਲ ਬਰਾੜ, ਸਤਪਾਲ ਸਹਿਗਲ, ਭੁਪਿੰਦਰ ਸੇਖੋਂ ਆਦਿ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles