ਚੰਡੀਗੜ੍ਹ : ਮਨੀਪੁਰ ਦੀ ਹਿੰਸਾ ਖਿਲਾਫ ਕਈ ਈਸਾਈ ਅਤੇ ਅਨੁਸੂਚਿਤ ਜਾਤਾਂ ਦੇ ਸੰਗਠਨਾਂ ਦੇ ‘ਪੰਜਾਬ ਬੰਦ’ ਦੇ ਸੱਦੇ ’ਤੇ ਬੁੱਧਵਾਰ ਪਟਿਆਲਾ, ਜਲੰਧਰ, ਫਿਰੋਜ਼ਪੁਰ ਅਤੇ ਮੋਗਾ ਸਮੇਤ ਕਈ ਥਾਵਾਂ ’ਤੇ ਪ੍ਰਦਰਸਨ ਕੀਤੇ ਗਏ। ਜਲੰਧਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਦੁਕਾਨਾਂ ਬੰਦ ਰਹੀਆਂ। ਜਲੰਧਰ ਪੂਰਨ ਤੌਰ ’ਤੇ ਬੰਦ ਰਿਹਾ। ਰੋਸਕਾਰੀਆਂ ਨੇ ਪੀ ਏ ਪੀ ਚੌਕ, ਅੰਬੇਡਕਰ ਚੌਕ, ਭਗਵਾਨ ਵਾਲਮੀਕ ਚੌਕ, ਰਵਿਦਾਸ ਚੌਕ, ਕਪੂਰਥਲਾ ਚੌਕ, ਰਾਮਾਮੰਡੀ ਚੌਕ, ਆਦਮਪੁਰ ਨਹਿਰ ਵਾਲਾ ਪੁਲ, ਅਲਾਵਲਪੁਰ ਸਮੇਤ ਹੋਰ ਚੌਕਾਂ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਿੱਜੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਰਹੀਆਂ।
ਕਾਹਨੂੰਵਾਨ ਖੇਤਰ ’ਚ ਬੰਦ ਨੂੰ ਪੂਰਨ ਸਮਰਥਨ ਮਿਲਿਆ। ਸਠਿਆਲੀ ਪੁਲ, ਚੱਕ ਸ਼ਰੀਫ਼, ਭੈਣੀ ਮੀਆਂ ਖਾਂ, ਤੁਗਲਵਾਲ, ਕੋਟ ਟੋਡਰ ਮੱਲ, ਸੈਦੋਵਾਲ ਖੁਰਦ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਰਹੇ। ਕਾਹਨੂੰਵਾਨ ’ਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਬਾਜ਼ਾਰ ’ਚ ਮਾਰਚ ਕੀਤਾ।
ਬੰਦ ਦੌਰਾਨ ਦੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਜਲੰਧਰ ਦੇ ਕਪੂਰਥਲਾ ਚੌਕ ’ਚ ਇਕ ਬੰਦੇ ਨੇ ਸਕਾਰਪਿਓ ਜ਼ਬਰਦਸਤੀ ਕੱਢਣ ਦੀ ਕੋਸ਼ਿਸ਼ ਕੀਤੀ। ਰੋਕਣ ’ਤੇ ਉਸ ਤੋਂ ਐਕਸੀਲੇਟਰ ਦੱਬ ਗਿਆ ਤੇ ਦੋ ਲੋਕ ਲਪੇਟ ਵਿਚ ਆ ਗਏ। ਇਕ ਦੀ ਧੌਣ ਤੇ ਦੂਜੇ ਦੀ ਬਾਂਹ ’ਤੇ ਸੱਟ ਲੱਗੀ।
ਮੋਗਾ ਦੇ ਕੋਟ ਈਸੇ ਖਾਂ ਵਿਚ ਮੋਬਾਇਲ ਸ਼ਾਪ ਚਲਾਉਂਦੇ ਦੁਕਾਨਦਾਰ ਨਾਲ ਬੰਦ ਹਮਾਇਤੀਆਂ ਦੀ ਬਹਿਸ ਹੋ ਗਈ। ਦੁਕਾਨਦਾਰ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਇਕ ਬੰਦ ਹਮਾਇਤੀ ਜ਼ਖਮੀ ਹੋ ਗਿਆ। ਬਾਅਦ ’ਚ ਬੰਦ ਹਮਾਇਤੀਆਂ ਨੇ ਚੌਕ ’ਚ ਜਾਮ ਲਾ ਦਿੱਤਾ।





