ਮਾਨਸਾ, (ਆਤਮਾ ਸਿੰਘ ਪਮਾਰ)-‘2024 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ’ਚ ਸਿਆਸੀ ਲਾਹਾ ਲੈਣ ਲਈ ਭਾਜਪਾ ਅਤੇ ਸੰਘ ਪਰਵਾਰ ਨਾਲ ਸੰਬੰਧਤ ਸੰਗਠਨਾਂ ਵੱਲੋਂ ਦੇਸ਼ ਵਿੱਚ ਨਫਰਤ ਦੀ ਅੱਗ ਭੜਕਾਈ ਜਾ ਰਹੀ ਹੈ ਤੇ ਫਿਰਕੂ ਵੰਡ ਹੋਰ ਤਿੱਖੀ ਕੀਤੀ ਜਾ ਰਹੀ ਹੈ, ਜੋ ਸੰਘ ਤੇ ਭਾਜਪਾ ਦੀ ਫਿਰਕੂ ਕਤਾਰਬੰਦੀ ਦੇ ਕੋਝੇ ਮਨਸੂਬਿਆਂ ਦਾ ਨਤੀਜਾ ਹੀ ਹਨ ਮਨੀਪੁਰ ਤੇ ਨੂਹ ਦੀਆਂ ਫਿਰਕੂ ਘਟਨਾਵਾਂ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਅਰਥੀ ਫੂਕ ਮੁਜ਼ਾਹਰੇ ਸਮੇਂ ਜੁੜੇ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਕਮਿਊਨਿਸਟ ਆਗੂ ਨੇ ਕਿਹਾ ਕਿ ਸੰਘ ਪਰਵਾਰ ਨਾਲ ਜੁੜੇ ਕੱਟੜਵਾਦੀ ਸੰਗਠਨਾਂ ਦੇ ਖਰੂਦੀ ਕਾਰਕੁਨਾਂ ਵੱਲੋ ਪੈਦਾ ਕੀਤੀਆਂ ਭੜਕਾਹਟਾਂ ਦੇ ਨਤੀਜੇ ਵਜੋਂ ਅੱਗ ਲਗਾਉਣ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਸਖਤੀ ਨਾਲ ਕਾਬੂ ਕੀਤਾ ਜਾਵੇ ਅਤੇ 3 ਮਈ ਨੂੰ ਮਨੀਪੁਰ ਤੋਂ ਕਤਲੋਗਾਰਤ, ਇਸਤਰੀਆਂ ਦੀਆਂ ਬੇਪਤੀਆਂ ਦੀਆਂ ਨਮੋਸ਼ੀਜਨਕ ਵਾਰਦਾਤਾਂ, ਵਿਆਪਕ ਸਾੜਫੂਕ ਤੇ ਹਜ਼ੂਮੀ ਹਿੰਸਾ ’ਤੇ ਸਖਤੀ ਨਾਲ ਰੋਕ ਲਾਏ ਜਾਣ ਦੀ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ।
ਸੀ ਪੀ ਆਈ ਆਗੂਆਂ ਕਿ੍ਰਸ਼ਨ ਚੌਹਾਨ, ਐਡਵੋਕੇਟ ਕੁਲਵਿੰਦਰ ਉੱਡਤ, ਵੇਦ ਪ੍ਰਕਾਸ਼, ਸੀਤਾ ਰਾਮ ਗੋਬਿੰਦਪੁਰਾ ਤੇ ਰੂਪ ਸਿੰਘ ਢਿੱਲੋਂ ਨੇ ਉਕਤ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਦੀ ਸ਼ਰਮਨਾਕ ਅਤੇ ਮੁਜਰਮਾਨਾ ਚੁੱਪੀ ਅਤੇ ਧਾਰਮਕ ਘੱਟ ਗਿਣਤੀਆਂ, ਮਨੁੱਖੀ ਜਾਨਾਂ, ਜਾਇਦਾਦਾਂ, ਧਾਰਮਕ ਸਥਾਨਾਂ ਤੇ ਪ੍ਰਸਾਸ਼ਨਿਕ ਢਾਂਚੇ ’ਤੇ ਸੂਬਾਈ ਭਾਜਪਾ ਸਰਕਾਰਾਂ ਦੀ ਗੁੱਝੀ ਸਹਿਮਤੀ ਨਾਲ ਕੀਤੇ ਜਾ ਰਹੇ ਹਮਲਿਆਂ ਦਾ ਨੋਟਿਸ ਲੈਂਦਿਆਂ ਤਿੱਖੀ ਤੇ ਲਾਮਿਸਾਲ ਲਾਮਬੰਦੀ ਦਾ ਹੋਕਾ ਦਿੱਤਾ। ਸੈਂਕੜੇ ਵਰਕਰਾਂ ਵੱਲੋ ਭਾਜਪਾ ਖਿਲਾਫ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਠੀਕਰੀਵਾਲਾ ਚੌਕ ਮਾਨਸਾ ਵਿਖੇ ਮੋਦੀ ਸਰਕਾਰ ਅਤੇ ਫਿਰਕਾਪ੍ਰਸਤੀ ਦੀ ਅਰਥੀ ਫੂਕੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋ ਇਲਾਵਾ ਰਤਨ ਭੋਲਾ, ਮਾਸਟਰ ਰਘੂ ਸਿੰਗਲਾ, ਚਿਮਨ ਲਾਲ ਕਾਕਾ, ਕਰਨੈਲ ਭੀਖੀ, ਮਨਜੀਤ ਗਾਮੀਵਾਲਾ, ਮਲਕੀਤ ਮੰਦਰਾਂ, ਹਰਮੀਤ ਬੋੜਾਵਾਲ, ਦਲਜੀਤ ਮਾਨਸ਼ਾਹੀਆ, ਸੁਖਦੇਵ ਪੰਧੇਰ, ਸੁਖਦੇਵ ਮਾਨਸਾ, ਰਜਿੰਦਰ ਹੀਰੇਵਾਲਾ, ਜਗਤਾਰ ਕਾਲਾ ਤੇ ਬੰਬੂ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।





