ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ‘ਚ ਛਾਲ ਮਾਰੀ

0
204

ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਕਪੂਰਥਲਾ ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਪੈਂਦੇ ਗੋਇੰਦਵਾਲ ਨੇੜੇ ਬਿਆਸ ਦਰਿਆ ‘ਤੇ ਬਣੇ ਪੁਲ ਤੋਂ ਵੱਡੇ ਕਾਰੋਬਾਰੀ ਦੋ ਸਕੇ ਭਰਾਵਾਂ ਨੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਥਾਣੇ ‘ਚ ਕਥਿਤ ਤੌਰ ‘ਤੇ ਜ਼ਲੀਲ ਕਰਨ ‘ਤੇ ਪਾਣੀ ‘ਚ ਛਾਲ ਮਾਰ ਦਿੱਤੀ | ਪੁਲਸ ਅਤੇ ਪਰਵਾਰ ਵੱਲੋਂ ਦੋਹਾਂ ਦੀ ਭਾਲ ਜਾਰੀ ਸੀ | ਮਾਨਵਦੀਪ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਮੁਹੱਲਾ ਅਗਵਾੜ ਕੰਬੋਆ ਧਰਮਕੋਟ ਜ਼ਿਲ੍ਹਾ ਮੋਗਾ ਹਾਲ ਵਾਸੀ ਜਲੰਧਰ ਨੇ ਪੁਲਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਮੇਰੇ ਦੋਸਤ ਦੀ ਭੈਣ ਦੇ ਆਪਣੇ ਪਤੀ ਗੁਰਮੀਤ ਸਿੰਘ ਨਾਲ ਝਗੜੇ ਦੇ ਸੰਬੰਧ ‘ਚ ਥਾਣਾ ਡਵੀਜ਼ਨ 1 ਜਲੰਧਰ ਪੰਚਾਇਤ ਕਰਨ ਗਏ ਸੀ | ਉਸ ਵਕਤ ਮੇਰੇ ਨਾਲ ਮਾਨਵਜੀਤ ਸਿੰਘ ਢਿੱਲੋਂ ਪੁੱਤਰ ਜਤਿੰਦਰ ਸਿੰਘ ਢਿੱਲੋਂ ਤੇ ਹੋਰ ਮੋਹਤਬਰ ਸਨ | ਥਾਣੇ ‘ਚ ਜਾ ਕੇ ਮਾਨਵਜੀਤ ਸਿੰਘ ਢਿੱਲੋਂ ਦੀ ਐੱਸ ਐੱਚ ਓ ਨਵਦੀਪ ਸਿੰਘ ਨਾਲ ਫੋਨ ‘ਤੇ ਗੱਲ ਹੋਈ ਤਾਂ ਉਸ ਨੇ ਮਾੜੇ ਵਤੀਰੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ 16 ਅਗਸਤ ਨੂੰ ਦੁਬਾਰਾ ਆਉਣਾ | 16 ਤਰੀਕ ਨੂੰ ਤਕਰੀਬਨ ਰਾਤ 8 ਵਜੇ ਭਗਵੰਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਦਾ ਫੋਨ ਆਇਆ ਅਤੇ ਉਹਨੇ ਮੈਨੂੰ ਕਿਹਾ ਕਿ ਭਗਵੰਤ ਸਿੰਘ, ਮਾਨਵਜੀਤ ਸਿੰਘ ਢਿੱਲੋਂ, ਮੇਰੇ ਦੋਸਤ ਦੀ ਮਾਤਾ ਦਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਈਸ਼ਰ ਨਗਰ ਲੁਧਿਆਣਾ ਅਤੇ ਹੋਰ ਮੋਹਤਬਰ ਤੇ ਰਿਸ਼ਤੇਦਾਰ ਥਾਣੇ ਗਏ | ਉੱਥੇ ਦੋ ਧਿਰਾਂ ਦੀ ਕਾਫੀ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ | ਜਿਸ ਦੌਰਾਨ ਲੜਕ ਵਾਲੀੇ ਧਿਰ ਨੇ ਸਾਡੀ ਬੇਟੀ ਪਰਮਿੰਦਰ ਕੌਰ ਅਤੇ ਮਾਨਵਜੀਤ ਸਿੰਘ ਢਿੱਲੋਂ ਨੂੰ ਬਹੁਤ ਗਾਲੀ ਗਲੋਚ ਕੀਤਾ, ਪਰ ਮੌਕੇ ‘ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਸਾਨੂੰ ਥਾਣੇ ਤੋਂ ਬਾਹਰ ਕਰ ਦਿੱਤਾ | ਕੁਝ ਦੇਰ ਬਾਅਦ ਇੱਕ ਵਿਅਕਤੀ ਆਇਆ ਤੇ ਮਾਨਵਜੀਤ ਸਿੰਘ ਢਿੱਲੋਂ ਨੂੰ ਐੱਸ ਐਚ ਓ ਕੋਲ ਲੈ ਗਿਆ | ਕੁਝ ਮਿੰਟਾਂ ਬਾਅਦ ਥਾਣੇ ਅੰਦਰ ਤੋਂ ਚੀਕਾਂ ਦੀ ਅਵਾਜ਼ ਆਈ | ਜਦੋਂ ਅਸੀਂ ਦੇਖਿਆ ਤਾਂ ਉਸ ਨੂੰ ਹਵਾਲਾਤ ਵੱਲ ਲੈ ਗਏ ਅਤੇ ਸਾਡੀਆਂ ਅੱਖਾਂ ਸਾਹਮਣੇ ਮਾਨਵਜੀਤ ਸਿੰਘ ਦੀ ਪੱਗ ਥੱਪੜ ਮਾਰ ਕੇ ਉਤਾਰ ਦਿੱਤੀ ਅਤੇ ਪੁਲਸ ਮੁਲਾਜ਼ਮਾਂ ਨੇ ਗੁੱਝੀਆਂ ਸੱਟਾਂ ਮਾਰੀਆਂ | ਉਸ ਵਕਤ ਜਸ਼ਨਬੀਰ ਸਿੰਘ ਪੁੱਤਰ ਜਤਿੰਦਰ ਪਾਲ ਢਿੱਲੋਂ ਜੋ ਕਿ ਮਾਨਵਜੀਤ ਸਿੰਘ ਦਾ ਛੋਟਾ ਭਰਾ ਹੈ, ਨੂੰ ਨਜਾਇਜ਼ ਤਸ਼ੱਦਦ ਦਾ ਪਤਾ ਲੱਗਾ ਤਾਂ ਉਹ ਗੱਲ ਦਿਲ ‘ਤੇ ਲਾ ਗਿਆ | ਰਾਤ ਕਰੀਬ 8 ਵਜੇ ਮਾਨਵਜੀਤ ਸਿੰਘ ਢਿੱਲੋਂ ਖਿਲਾਫ ਡੀ ਡੀ ਆਰ ਨੰਬਰ 28 ਅਧੀਨ ਧਾਰਾ 107/51 ਸੀ ਆਰ ਪੀ ਸੀ ਦਰਜ ਕਰ ਦਿੱਤੀ ਗਈ ਅਤੇ ਮਾਨਵਜੀਤ ਸਿੰਘ ਨੂੰ ਹਵਾਲਾਤ ‘ਚ ਬੰਦ ਕਰ ਦਿੱਤਾ | ਪਰ ਉਨ੍ਹਾਂ ਦੱਸਿਆ ਕਿ ਜਸ਼ਨਬੀਰ ਸਿੰਘ ਘਰ ਚਲਾ ਗਿਆ | ਅਗਲੇ ਦਿਨ ਮਾਨਵਜੀਤ ਸਿੰਘ ਢਿੱਲੋਂ ਦੀ ਸ਼ਾਮ ਨੂੰ ਜ਼ਮਾਨਤ ਹੋ ਗਈ ਪਰ ਉਸ ਦਿਨ ਸਵੇਰ ਤੋਂ ਹੀ ਜਸ਼ਨਬੀਰ ਸਿੰਘ ਘਰ ਤੋਂ ਬਿਨਾਂ ਦੱਸੇ ਚਲਾ ਗਿਆ | ਸ਼ਾਮ ਨੂੰ ਮਾਨਵਜੀਤ ਸਿੰਘ ਨੇ ਆਪਣੇ ਨੰਬਰ ਤੋਂ ਜਸ਼ਨਬੀਰ ਸਿੰਘ ਨੂੰ ਫੋਨ ਲਾਇਆ ਅਤੇ ਉਸ ਨੇ ਚੁੱਕ ਲਿਆ ਅਤੇ ਉਸ ਨੇ ਪੁਲਸ ਵੱਲੋਂ ਆਪਣੇ ਭਰਾ ‘ਤੇ ਨਜਾਇਜ਼ ਤਸ਼ੱਦਦ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਸਾਡੇ ਪੱਲੇ ਕੁਝ ਨਹੀਂ ਰਿਹਾ | ਮੇਰਾ ਜੀਅ ਕਰਦਾ ਮੈਂ ਦਰਿਆ ਵਿਚ ਛਾਲ ਮਾਰ ਕੇ ਮਰ ਜਾਵਾਂ | ਅਸੀਂ ਉਸ ਨਾਲ ਗੱਲਾਂ ਕਰਦੇ ਕਰਦੇ ਉਸ ਦੀ ਦੱਸੀ ਹੋਈ ਥਾਂ ‘ਤੇ ਉਸ ਕੋਲ ਪਹੁੰਚ ਗਏ ਅਤੇ ਉਸ ਨੂੰ ਗਲ ਨਾਲ ਲਾ ਕੇ ਸਮਝਾਉਣ ਦਾ ਯਤਨ ਕੀਤਾ | ਅੱਗੇ ਤੋਂ ਜਸ਼ਨਬੀਰ ਸਿੰਘ ਕਹਿੰਦਾ ਐਸ ਐਚ ਓ ਨੇ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੁੱਕਿਆ ਹੈ ਅਤੇ ਇਹ ਕਹਿੰਦੇ ਨੇ ਪੁਲ ਤੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਬਚਾਉਣ ਲਈ ਮਾਨਵਜੀਤ ਸਿੰਘ ਢਿੱਲੋਂ ਨੇ ਵੀ ਛਾਲ ਮਾਰ ਦਿੱਤੀ | ਇਹ ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਹੋਇਆ ਹੈ | ਉਸ ਵਕਤ ਮੈਂ ਬਿਆਸ ਦਰਿਆ ਉੱਪਰ ਲੱਗੇ ਹਾਈਟੈਕ ਨਾਕੇ ਉੱਪਰ ਮੁਲਾਜ਼ਮਾਂ ਨੂੰ ਦੱਸਿਆ |
ਡੀ ਐੱਸ ਪੀ ਬਬਨਦੀਪ ਸਿੰਘ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਲਿਖਤੀ ਸ਼ਿਕਾਇਤ ਮਿਲੀ ਹੈ | ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੋਨਾਂ ਨੌਜਾਵਨਾਂ ਦੀ ਬਿਆਸ ਦਰਿਆ ‘ਚ ਭਾਲ ਜਾਰੀ ਹੈ | ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਬਖਸ਼ਿਆ ਨਹੀਂ ਜਾਵੇਗਾ |

LEAVE A REPLY

Please enter your comment!
Please enter your name here