ਫਤਿਹਗੜ੍ਹ ਸਾਹਿਬ (ਫਤਿਹ ਪ੍ਰਭਾਕਰ)
ਬੀਤੇ ਦਿਨੀਂ ਲੱਦਾਖ ’ਚ ਵਾਪਰੇ ਭਿਆਨਕ ਹਾਦਸੇ ਵਿੱਚ ਭਾਰਤ ਦੇ 9 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ’ਚ ਪੰਜਾਬ ਦੇ 2 ਜਵਾਨ ਵੀ ਸ਼ਾਮਲ ਸਨ। ਪੰਜਾਬ ਦੇ ਦੋ ਸ਼ਹੀਦ ਜਵਾਨਾਂ ਵਿੱਚ ਇੱਕ ਫਰੀਦਕੋਟ ਜ਼ਿਲ੍ਹੇ ਦਾ ਨਾਇਬ ਸੂਬੇਦਾਰ ਰਮੇਸ਼ ਲਾਲ ਸੀ ਤੇ ਦੂਜਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਦੇ ਨਜ਼ਦੀਕੀ ਪਿੰਡ ਕਾਮਲੀ ਦਾ ਮਹਿਜ਼ 23 ਸਾਲਾਂ ਦਾ ਨੌਜਵਾਨ ਤਰਨਦੀਪ ਸਿੰਘ ਵੀ ਹਾਦਸੇ ’ਚ ਸ਼ਹੀਦ ਹੋ ਗਿਆ ਸੀ।
ਐਤਵਾਰ ਸ਼ਹੀਦ ਤਰਨਦੀਪ ਸਿੰਘ ਨਮਿੱਤ ਅੰਤਮ ਅਰਦਾਸ ਵੀ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਜਵਾਨ ਤਰਨਜੀਤ ਦੇ ਪਰਵਾਰ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਇਨ੍ਹਾਂ ਬਹਾਦਰ ਸੈਨਿਕਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਇਨ੍ਹਾਂ ਪਰਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਏਕਤਾ ਦੀ ਰਾਖੀ ਲਈ ਆਪਣੀ ਡਿਊਟੀ ਬਹਾਦਰੀ ਨਾਲ ਨਿਭਾਉਣ ਲਈ ਪੂਰੀ ਤਨਦੇਹੀ ਦਿਖਾਈ ਅਤੇ ਸੂਬੇ ਦੀ ਸ਼ਾਨਦਾਰ ਵਿਰਾਸਤ ਨੂੰ ਬਰਕਰਾਰ ਰੱਖਿਆ। ਇਸ ਮੌਕੇ ਉਨ੍ਹਾ ਸ਼ਹੀਦ ਦੇ ਪਰਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ।
ਮੁੱਖ ਮੰਤਰੀ ਨੇ ਕਿਹਾ ਕਿ ਤਰਨਦੀਪ ਪਰਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਭੈਣ ਨੂੰ ਨੌਕਰੀ ਦੇਣ ਲਈ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਤਰਨਦੀਪ ਸਿੰਘ ਦੇ ਨਾਂਅ ’ਤੇ ਪਿੰਡ ਵਿੱਚ ਸਟੇਡੀਅਮ ਦੀ ਉਸਾਰੀ ਦਾ ਵੀ ਜਿਕਰ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਸ਼ਹੀਦ ਹੋਏ ਨਾਇਬ ਸੂਬੇਦਾਰ ਰਮੇਸ਼ ਕੁਮਾਰ ਦੇ ਪਿੰਡ ਸਿਰਸੜੀ ਵਿਖੇ ਪਹੁੰਚੇ। ਉਨ੍ਹਾ ਸ਼ਹੀਦ ਸੈਨਿਕ ਰਮੇਸ਼ ਕੁਮਾਰ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਸੂਬੇਦਾਰ ਰਮੇਸ਼ ਕੁਮਾਰ ਪਿਛਲੇ ਦਿਨੀਂ ਲੱਦਾਖ ’ਚ ਇੱਕ ਸੜਕ ਹਾਦਸੇ ’ਚ ਸ਼ਹੀਦ ਹੋ ਗਏ ਸਨ। ਇਸ ਮੌਕੇ ਉਨ੍ਹਾ ਪਿੰਡ ’ਚ ਖੇਡ ਸਟੇਡੀਅਮ ਅਤੇ ਪਿੰਡ ਦੀ ਸੜਕ ਦਾ ਨਾਂਅ ਸ਼ਹੀਦ ਸੂਬੇਦਾਰ ਰਮੇਸ਼ ਕੁਮਾਰ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ। ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਵੱਲੋਂ ਐਲਾਨੀ ਇੱਕ ਕਰੋੜ ਰਾਸ਼ੀ ਦਾ ਚੈੱਕ ਵੀ ਪਰਵਾਰ ਨੂੰ ਸੌਂਪਿਆ ਗਿਆ।





