ਨਹੀਂ ਲਵਾਂਗੇ ਅਸਤੀਫ਼ਾ : ਖੱਟਰ, ਇਹ ਅਲੋਕਤੰਤਰ : ਹੁੱਡਾ
ਚੰਡੀਗੜ੍ਹ : ਹਰਿਆਣਾ ’ਚ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਪ੍ਰਸ਼ਨਕਾਲ ਦੇ ਨਾਲ ਸ਼ੁਰੂ ਹੋਈ। ਮੁੱਖ ਮੰਤਰੀ ਮਨੋਹਰ ਲਾਲ ਨੇ ਐਥਲੈਟਿਕਸ ਚੈਂਪੀਅਨਸ਼ਿਪ ’ਚ ਸੋਨੇ ਦਾ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਨੀਰਜ ਨੇ ਹਰਿਆਣਾ ਦੇ ਨਾਲ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਬਾਅਦ ਜੂਨੀਅਰ ਮਹਿਲਾ ਕੋਚ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚ ਘਿਰੇ ਸੰਦੀਪ ਸਿੰਘ ਦੇ ਅਸਤੀਫ਼ੇ ਨੂੰ ਲੈ ਕੇ ਸਦਨ ’ਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਕੁਝ ਵਿਧਾਇਕ ਸਪੀਕਰ ਕੋਲ ਪਹੁੰਚ ਗਏ। ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਮਾਮਲਾ ਕੋਰਟ ’ਚ ਵਿਚਾਰ-ਅਧੀਨ ਹੈ ਤਾਂ ਫਿਰ ਸੰਦੀਪ ਨੂੰ ਖੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਜਾਂ ਮੁੱਖ ਮੰਤਰੀ ਖੁਦ ਸੰਦੀਪ ਤੋਂ ਅਸਤੀਫ਼ਾ ਮੰਗਣ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕਿਸੇ ਐਕਸ਼ਨ ਲਈ ਦਬਾਅ ਨਹੀਂ ਪਾ ਸਕਦੀ। ਅਸੀਂ ਬੋਲਣਾ ਸ਼ੁਰੂ ਕੀਤਾ ਤਾਂ ਧੱਜੀਆਂ ਉਡ ਜਾਣਗੀਆਂ। ਮੁੱਖ ਮੰਤਰੀ ਦੇ ਇਨ੍ਹਾਂ ਸ਼ਬਦਾਂ ਨੂੰ ਸਦਨ ’ਚ ਹੁੱਡਾ ਨੇ ਗਲਤ ਦੱਸਿਆ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਦੀ ਲੋਕਤੰਤਰਿਕ ਭਾਸ਼ਾ ਨਹੀਂ। ਇਸ ’ਤੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਇਹ ਸ਼ਬਦ (ਧੱਜੀਆਂ) ਸਾਡੀ ਸੂਚੀ, ਜੋ ਅਲੋਕਤੰਤਰਿਕ ਸ਼ਬਦਾਂ ਦੀ ਬਣੀ ਹੈ, ਉਸ ’ਚ ਹੋਵੇਗਾ ਤਾਂ ਇਹ ਸ਼ਬਦ ਡਲੀਟ ਕਰ ਦਿੱਤਾ ਜਾਵੇਗਾ।