ਨਵੀਂ ਦਿੱਲੀ : ਧਾਰਾ 370 ਮਾਮਲੇ ’ਚ ਸੁਪਰੀਮ ਕੋਰਟ ’ਚ ਪੇਸ਼ ਹੋਏ ਲੈਕਚਰਾਰ ਜਫੂਰ ਅਹਿਮਦ ਭੱਟ ਨੂੰ ਮੁਅੱਤਲ ਕਰਨ ਦਾ ਮਾਮਲਾ ਤੂਲ ਫੜ ਰਿਹਾ ਹੈ। ਸੋਮਵਾਰ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਸਰਕਾਰ ਤੋਂ ਸਵਾਲ ਪੁੱਛਿਆ। ਭਾਰਤ ਦੇ ਮੁੱਖ ਜੱਜ ਡੀ ਵਾਈ ਚੰਦਰਚੂੜ ਨੇ ਲੈਕਚਰਾਰ ਦੀ ਮੁਅੱਤਲੀ ’ਤੇ ਸਵਾਲ ਉਠਾਏ। ਭੱਟ ਬੀਤੇ ਹਫ਼ਤੇ ਹੋਈ ਸੁਣਵਾਈ ਦੌਰਾਨ ਕੋਰਟ ’ਚ ਪੇਸ਼ ਹੋਏ ਸਨ। ਸੀਨੀਅਰ ਐਡਵੋਕੇਟ ਕਪਿਲ ਸਿੱਬਲ ਵੱਲੋਂ ਕੋਰਟ ਦੇ ਸਾਹਮਣੇ ਮੁਅੱਤਲੀ ਦਾ ਮੁੱਦਾ ਉਠਾਇਆ ਗਿਆ ਸੀ। ਸਿੱਬਲ ਦਾ ਕਹਿਣਾ ਸੀ ਕਿ ਭੱਟ ਨੇ ਕੋਰਟ ’ਚ ਪੇਸ਼ ਹੋਣ ਲਈ ਦੋ ਦਿਨ ਦੀ ਛੁੱਟੀ ਲਈ, ਪਰ ਉਹ ਵਾਪਸ ਜਾਂਦੇ ਹੀ ਸਸਪੈਂਡ ਹੋ ਗਿਆ। ਉਨ੍ਹਾ ਨੇ ਕਿਹਾ, ‘ਇਹ ਠੀਕ ਨਹੀਂ ਹੈ। ਮੈਨੂੰ ਭਰੋਸਾ ਹੈ ਕਿ ਏ ਜੀ ਇਸ ਮਾਮਲੇ ਨੂੰ ਦੇਖਣਗੇ।’ ਸਾਲੀਸਿਟਰ ਜਨਰਲ ਆਫ਼ ਇੰਡੀਆ ਤੁਸ਼ਾਰ ਮਹਿਤਾ ਨੇ ਵੀ ਮੁਅੱਤਲੀ ਨਾਲ ਜੁੜੇ ਦਸਤਾਵੇਜ਼ ਕੋਰਟ ’ਚ ਪੇਸ਼ ਕਰਨ ਦੀ ਗੱਲ ਕਹੀ। ਮਹਿਤਾ ਨੇ ਕਿਹਾ, ‘ਮੈਂ ਅਖ਼ਬਾਰਾਂ ’ਚ ਪੜ੍ਹਨ ਤੋਂ ਬਾਅਦ ਇਸ ਦੀ ਜਾਣਕਾਰੀ ਇਕੱਠੀ ਕੀਤੀ। ਅਖ਼ਬਾਰਾਂ ’ਚ ਜੋ ਕਿਹਾ ਜਾ ਰਿਹਾ ਹੈ, ਉਹ ਸ਼ਾਇਦ ਪੂਰਾ ਸੱਚ ਨਹੀਂ ਹੋ ਸਕਦਾ।’ ਉਨ੍ਹਾ ਕਿਹਾ, ‘ਕੁਝ ਹੋਰ ਵੀ ਮੁੱਦੇ ਹਨ। ਉਹ ਕਈ ਅਦਾਲਤਾਂ ’ਚ ਪੇਸ਼ ਹੋਇਆ ਹੈ। ਅਸੀਂ ਇਸ ਕੋਰਟ ਸਾਹਮਣੇ ਪੇਸ਼ ਕਰ ਸਕਦੇ ਹਾਂ।’ ਇਸ ’ਤੇ ਸਿੱਬਲ ਨੇ ਕਿਹਾ, ‘ਤਾਂ ਫਿਰ ਉਸ ਨੂੰ ਪਹਿਲਾਂ ਮੁਅੱਤਲ ਕੀਤਾ ਜਾਣਾ ਸੀ, ਪਰ ਹੁਣ ਕਿਉਂ? ਇਹ ਠੀਕ ਨਹੀਂ। ਇਹ ਲੋਕਤੰਤਰ ਦੇ ਕੰਮ ਕਰਨ ਦਾ ਤਰੀਕਾ ਨਹੀਂ ਹੋਣਾ ਚਾਹੀਦਾ।’ ਸਿੱਬਲ ਨੇ ਕਿਹਾ, ‘24 ਅਗਸਤ ਨੂੰ ਉਹ ਪੇਸ਼ ਹੋਇਆ ਅਤੇ ਅਗਲੇ ਹੀ ਦਿਨ ਮੁਅੱਤਲ ਕਰ ਦਿੱਤਾ ਗਿਆ।’
ਸੀ ਜੇ ਆਈ ਨੇ ਕਿਹਾ, ‘ਕੋਈ ਵਿਅਕਤੀ, ਜੋ ਇਸ ਕੋਰਟ ਸਾਹਮਣੇ ਪੇਸ਼ ਹੋਇਆ ਹੈ, ਉਹ ਮੁਅੱਤਲ ਹੋ ਗਿਆ।’ ਉਨ੍ਹਾ ਏ ਜੀ ਆਰ ਵੈਂਕਟਰਮਣੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਸੀ ਜੇ ਆਈ ਨੇ ਕਿਹਾ, ‘ਉਪ ਰਾਜਪਾਲ ਨਾਲ ਗੱਲ ਕਰੋ ਅਤੇ ਦੇਖੋ ਕੀ-ਕੀ ਹੋਇਆ ਹੈ। ਜੇਕਰ ਇਸ ਨਾਲ ਕੁਝ ਵੱਖ ਹੈ ਤਾਂ ਹੋਰ ਗੱਲ ਹੈ, ਪਰ ਇਹ ਸਾਰੇ ਮਾਮਲੇ ’ਚ ਪੇਸ਼ ਹੋਣ ਦੇ ਥੋੜ੍ਹੇ ਸਮੇਂ ਬਾਅਦ ਹੀ ਹੋਇਆ।’ ਸੰਵਿਧਾਨਕ ਬੈਂਚ ’ਚ ਸ਼ਾਮਲ ਜਸਟਿਸ ਕੌਲ ਨੇ ਕਿਹਾ, ‘ਇਸ ਮਾਮਲੇ ’ਚ ਟਾਈਮਿੰਗ ਠੀਕ ਨਹੀਂ। ਨਾਲ ਹੀ ਮੌਜੂਦ ਜਸਟਿਸ ਗਵਈ ਨੇ ਵੀ ਸਵਾਲ ਪੁੱਛਿਆ, ‘ਏਨੀ ਆਜ਼ਾਦੀ ਦਾ ਕੀ ਹੋਵੇਗਾ? ’