ਇਸਲਾਮਾਬਾਦ : ਭਾਰਤ ਅਤੇ ਪਾਕਿਸਤਾਨ ਵਿਚਾਲੇ ਕੂਟਨੀਤਕ ਪੱਧਰ ’ਤੇ ਰਿਸ਼ਤਿਆਂ ਨੂੰ ਲੈ ਕੇ ਨਵੀਂ ਉਮੀਦ ਜਾਗੀ ਹੈ। ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਗੀਤਿਕਾ ਸ੍ਰੀਵਾਸਤਵ ਨੂੰ ਪਾਕਿਸਤਾਨ ’ਚ ਭਾਰਤੀ ਦੂਤਾਵਾਸ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾ ਡਾਕਟਰ ਸੁਕੇਸ਼ ਕੁਮਾਰ ਦੀ ਜਗ੍ਹਾ ਲਈ ਹੈ। ਉਹ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ, ਜਿਨ੍ਹਾ ਨੂੰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਸ ਭੂਮਿਕਾ ਲਈ ਚੁਣਿਆ ਗਿਆ ਹੈ। ਗੀਤਿਕਾ ਦੀ ਨਿਯੁਕਤੀ ਉਦੋਂ ਹੋਈ, ਜਦੋਂ ਪਾਕਿਸਤਾਨ ਨੇ ਸਾਦ ਵੜੈਚ ਨੂੰ ਭਾਰਤ ’ਚ ਆਪਣਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਸਾਦ ਪਾਕਿਸਤਾਨ ਹਾਈ ਕਮਿਸ਼ਨ ’ਚ ਏਜਾਜ਼ ਖਾਨ ਦੀ ਜਗ੍ਹਾ ਲੈਣਗੇ।
ਮਾਹਰਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਦੋਵਾਂ ਹੀ ਦੇਸ਼ਾਂ ਦੇ ਇਤਿਹਾਸ ’ਚ ਮਹਿਲਾਵਾਂ ਨੇ ਕੂਟਨੀਤੀ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਮੇਂ ਦੇ ਨਾਲ ਕੂਟਨੀਤਕ ਕੋਸ਼ਿਸ਼ਾਂ ਅਤੇ ਗੱਲਬਾਤ ’ਚ ਮਹਿਲਾਵਾਂ ਨੂੰ ਸ਼ਾਮਲ ਕਰਨ ਦੇ ਮਹੱਤਵ ਦੀ ਮਾਨਤਾ ਵਧ ਰਹੀ ਹੈ, ਨਾਲ ਹੀ ਕਈ ਟੀਮਾਂ ਵਿਚਾਲੇ ਵੱਕਾਰੀ ਭੂਮਿਕਾ ਲਈ ਗੀਤਿਕਾ ਦੀ ਨਿਯੁਕਤੀ ਦੋਵਾਂ ਪੱਖਾਂ ਵਿਚਾਲੇ ਉਲਝੇ ਸੰਬੰਧਾਂ ਨੂੰ ਸੰਬੋਧਤ ਕਰਨ ’ਚ ਚੰਗੀ ਭੂਮਿਕਾ ਹੋ ਸਕਦੀ ਹੈ। ਗੀਤਿਕਾ ਇਸ ਸਮੇਂ ਪਾਕਿਸਤਾਨ ਜਾਵੇਗੀ, ਜਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ’ਤੇ ਹੈ।