ਜੰਮੂ : ਜੰਮੂ-ਕਸ਼ਮੀਰ ’ਚ ਧਾਰਾ 370 ਹਟਣ ਅਤੇ ਸੂਬੇ ਦੇ ਪੁਨਰਗਠਨ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਕਾਰਗਿਲ ’ਚ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਲੱਦਾਖ ਆਟੋਨੋਮਸ ਹਿੱਲ ਡਿਵੈੱਲਪਮੈਂਟ ਕਾਊਂਸਲ ਦੀਆਂ ਚੋਣਾਂ ’ਚ ਕਾਰਗਿਲ ਹਿੱਲ ਕਾਊਂਸਲ ਦੀਆਂ 26 ਸੀਟਾਂ ਲਈ 10 ਸਤੰਬਰ ਨੂੰ ਵੋਟਿੰਗ ਹੋਣੀ ਹੈ। ਇਸ ਲਈ ਮੰਚ ਸਜ ਚੁੱਕਾ ਹੈ। 26 ਸੀਟਾਂ ’ਤੇ 88 ਉਮੀਦਵਾਰ ਮੈਦਾਨ ’ਚ ਹਨ। ਹਿੱਲ ਕਾਊਂਸਲ ਦੀ ਸੱਤਾ ਲਈ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਤਿਕੋਣਾ ਮੁਕਾਬਲਾ ਹੈ। ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਬਤੌਰ ਆਜ਼ਾਦ ਚੋਣ ਮੈਦਾਨ ’ਚ ਹੈ। ਉਥੇ ਹੀ ਦਿੱਲੀ ਅਤੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਚਾਰ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ। ਆਮ ਆਦਮੀ ਪਾਰਟੀ ਤੋਂ ਮੁਹੰਮਦ ਹੁਸੈਨ ਪੋਇਨ ਸੀਟ ਤੋਂ ਚੋਣ ਮੈਦਾਨ ’ਚ ਹੈ। 30 ਮੈਂਬਰੀ ਕਾਊਂਸਲ ਦੀਆਂ 26 ਸੀਟਾਂ ਲਈ ਹੋ ਰਹੀਆਂ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ 21 ਸੀਟਾਂ ’ਤੇ ਉਮੀਦਵਾਰ ਉਤਾਰੇ ਹਨ। ਭਾਜਪਾ ਨੇ 17 ਸੀਟਾਂ ’ਤੇ ਉਮੀਦਵਾਰ ਉਤਾਰੇ ਹਨ।