ਚੰਡੀਗੜ੍ਹ : ਦੇਸ਼ ਭਰ ’ਚ ਮਾਨਸੂਨ ਭਾਵੇਂ ਸੁਸਤ ਹੋ ਗਿਆ ਹੋਵੇ, ਪਰ ਕਈ ਸੂਬਿਆਂ ’ਚ ਇਸ ਦੀਆਂ ਸਰਗਰਮੀਆਂ ਜਾਰੀ ਹਨ। ਜਲੰਧਰ ’ਚ ਸੋਮਵਾਰ ਸਵੇਰੇ ਤੇਜ਼ ਹਵਾਵਾਂ ਦੇ ਨਾਲ ਕਾਲੀ ਘਟਾ ਛਾਉਣ ਤੋਂ ਬਾਅਦ ਤੇਜ਼ ਮੀਂਹ ਪੈਣ ਨਾਲ ਸ਼ਹਿਰ ਜਲ ਮਗਨ ਹੋ ਗਿਆ। ਉਥੇ ਹੀ ਤੇਜ਼ ਹਨੇਰੀ ਕਾਰਨ ਜਲੰਧਰ-ਲੁਧਿਆਣਾ ਰੇਲਵੇ ਲਾਈਨ ’ਤੇ ਗੁਰਾਇਆ ਕੋਲ ਇੱਕ ਦਰੱਖਤ ਰੇਲਵੇ ਟਰੈਕ ’ਤੇ ਡਿੱਗ ਗਿਆ, ਜਿਸ ਕਾਰਨ ਟਰੈਕ ਕਈ ਘੰਟੇ ਜਾਮ ਰਿਹਾ। ਜਿੱਥੇ ਬਾਰਿਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਹਿਮਾਲਿਆ ਦੀਆਂ ਤਹਿਆਂ, ਪੂਰਬੀ ਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ, ਪੱਛਮੀ ਤੱਟਾਂ ਅਤੇ ਟਾਪੂਆਂ ’ਚ ਅਗਲੇ 6 ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈ ਐੱਮ ਡੀ ਨੇ ਆਪਣੇ ਪੂਰਵ ਅਨੁਮਾਨ ’ਚ ਕਿਹਾ ਕਿ ਆਉਣ ਵਾਲੇ 6 ਦਿਨਾਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ’ਚ ਹਲਕੀ ਬਾਰਿਸ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 2 ਸਤੰਬਰ ਤੱਕ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ 29 ਅਗਸਤ ਨੂੰ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਇੱਕ ਚੱਕਰਵਾਤੀ ਸਰਕੂਲੇਸ਼ਨ ਪੱਛਮੀ ਅਸਾਮ ’ਚ ਹੇਠਲੇ ਟ੍ਰੋਪੋਸਫੈਰਿਕ ਪੱਧਰ ’ਤੇ ਸਥਿਤ ਹੈ। ਇਸ ਕਾਰਨ ਭਵਿੱਖਬਾਣੀ ਅਤੇ ਚਿਤਾਵਨੀ ਜਾਰੀ ਕੀਤੀ ਹੈ, ਜਿਸ ਕਾਰਨ ਅਗਲੇ 5 ਦਿਨਾਂ ਦੌਰਾਨ ਉੱਤਰ-ਪੂਰਬੀ ਰਾਜਾਂ ’ਚ ਹਲਕੀ ਤੋਂ ਦਰਮਿਆਨੀ ਤੇ ਵਿਆਪਕ ਬਾਰਿਸ਼, ਤੂਫਾਨ ਅਤੇ ਬਿਜਲੀ ਦੇ ਨਾਲ-ਨਾਲ ਕੁਝ ਥਾਵਾਂ ’ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।