ਭਾਜਪਾ ਤੇ ਸੰਘ ਦੀ ਇੱਕ ਹੀ ਵਿਚਾਰਧਾਰਾ ਹੈ ਨਫ਼ਰਤ | ਦੂਸਰੇ ਧਰਮਾਂ ਨਾਲ ਨਫ਼ਰਤ, ਹੇਠਲੀਆਂ ਜਾਤਾਂ ਨਾਲ ਨਫ਼ਰਤ ਤੇ ਇਸਤਰੀ ਜਾਤੀ ਨਾਲ ਨਫ਼ਰਤ | ਪਿਛਲੇ ਦਸ ਸਾਲਾਂ ਵਿੱਚ ਫੈਲਾਈ ਗਈ ਇਹ ਨਫ਼ਰਤ ਪਿੰਡਾਂ, ਘਰਾਂ ਤੋਂ ਸਕੂਲਾਂ ਤੱਕ ਪੁੱਜ ਚੁੱਕੀ ਹੈ | ਕੋਈ ਦਿਨ ਨਹੀਂ ਹੁੰਦਾ, ਜਦੋਂ ਨਫ਼ਰਤ ਦੀਆਂ ਘਟਨਾਵਾਂ ਨਾ ਵਾਪਰਦੀਆਂ ਹੋਣ |
ਯੂ ਪੀ ਦੇ ਮੁਜ਼ੱਫਰਨਗਰ ਦੇ ਇੱਕ ਸਕੂਲ ਦੀ ਅਧਿਆਪਕਾ ਤੇ ਸੰਚਾਲਕਾ ਤਿ੍ਪਤਾ ਤਿਆਗੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ | ਵੀਡੀਓ ਵਿੱਚ ਕੁਰਸੀ ‘ਤੇ ਬੈਠੀ ਅਧਿਆਪਕਾ 8 ਸਾਲ ਦੇ ਮੁਸਲਿਮ ਲੜਕੇ ਨੂੰ ਉਸ ਦੇ ਸਹਿਪਾਠੀਆਂ ਤੋਂ ਥੱਪੜ ਮਰਵਾ ਰਹੀ ਹੈ | ਉਹ ਵਾਰੀ-ਵਾਰੀ ਵਿਦਿਆਰਥੀਆਂ ਨੂੰ ਸੱਦ ਕੇ ਲੜਕੇ ਦੇ ਥੱਪੜ ਮਾਰਨ ਨੂੰ ਕਹਿ ਰਹੀ ਹੈ | ਇੱਕ ਬੱਚਾ ਜਦੋਂ ਥੱਪੜ ਮਾਰ ਕੇ ਬੈਠਦਾ ਹੈ ਤਾਂ ਤਿਆਗੀ ਉਸ ਨੂੰ ਕਹਿੰਦੀ ਹੈ, ‘ਤੂੰ ਐਨੀ ਹੌਲੀ ਕਿਉਂ ਮਾਰ ਰਿਹਾਂ ਜ਼ੋਰ ਨਾਲ ਮਾਰ |’ ਜਦੋਂ ਲੜਕਾ ਰੋਣ ਲੱਗ ਪੈਂਦਾ ਹੈ ਤਾਂ ਤਿਆਗੀ ਕਹਿੰਦੀ ਹੈ, ‘ਹੁਣ ਕਮਰ ਉੱਤੇ ਮਾਰੋ, ਮੂੰਹ ਉੱਤੇ ਨਾ ਮਾਰੋ, ਮੂੰਹ ਲਾਲ ਹੋ ਗਿਆ ਹੈ |’ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ, ‘ਮਾਸੂਮ ਬੱਚਿਆਂ ਵਿੱਚ ਭੇਦਭਾਵ ਦਾ ਜ਼ਹਿਰ ਭਰਨਾ, ਸਕੂਲ ਵਰਗੇ ਪਵਿੱਤਰ ਸਥਾਨ ਨੂੰ ਨਫ਼ਰਤ ਦੇ ਬਜ਼ਾਰ ਵਿੱਚ ਬਦਲਣਾ-ਇੱਕ ਅਧਿਆਪਕ ਦੇਸ਼ ਲਈ ਇਸ ਤੋਂ ਬੁਰਾ ਕੁਝ ਨਹੀਂ ਕਰ ਸਕਦਾ | ਇਹ ਭਾਜਪਾ ਵੱਲੋਂ ਛਿੜਕਿਆ ਗਿਆ ਕੈਰੋਸੀਨ ਹੈ, ਜਿਸ ਨੇ ਭਾਰਤ ਦੇ ਕੋਨੇ-ਕੋਨੇ ਵਿੱਚ ਅੱਗ ਲਾ ਦਿੱਤੀ ਹੈ |’
ਬੱਚਿਆਂ ਦੇ ਅਧਿਕਾਰਾਂ ਲਈ ਬਣੇ ਕੌਮੀ ਕਮਿਸ਼ਨ ਨੇ ਬੱਚੇ ਨਾਲ ਹੋਈ ਬੇਇਨਸਾਫ਼ੀ ਬਾਰੇ ਚਿੰਤਾ ਪ੍ਰਗਟ ਕਰਨ ਦੀ ਥਾਂ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਲਿਆ ਹੈ | ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਵਾਇਰਲ ਕੀਤਾ ਹੈ, ਪਰ ਕੇਸ ਰਜਿਸਟਰਡ ਹੋਇਆ ਹੈ ‘ਅਲਟਾ ਨਿਊਜ਼’ ਦੇ ਮੁਹੰਮਦ ਜ਼ੁਬੇਰ ਵਿਰੁੱਧ, ਜਿਸ ਨੇ ਬਾਲ ਅਧਿਕਾਰ ਸੰਸਥਾ ਦੀ ਚਿਤਾਵਨੀ ਤੋਂ ਬਾਅਦ ਵੀਡੀਓ ਨੂੰ ਹਟਾ ਦਿੱਤਾ ਸੀ |
ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਲੁਡਵਾ ਪਿੰਡ ਵਿੱਚ ਕੇ ਟੀ ਪਟੇਲ ਯਾਦਗਾਰੀ ਸਕੂਲ ਹੈ | ਅਜ਼ਾਦੀ ਦਿਵਸ ਦੇ ਮੌਕੇ ਉੱਤੇ ਸਕੂਲ ਵੱਲੋਂ ਦਸਵੀਂ ਵਿੱਚ ਫਸਟ ਆਉਣ ਵਾਲੇ ਬੱਚਿਆਂ ਨੂੰ ਸਨਮਾਨਤ ਕਰਨ ਲਈ ਪ੍ਰੋਗਰਾਮ ਰੱਖਿਆ ਗਿਆ ਸੀ | ਅਰਨਾਜ਼ ਬਾਨੋ ਨੇ ਦਸਵੀਂ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਸੀ | ਸਕੂਲ ਦੇ ਪ੍ਰਬੰਧਕਾਂ ਨੇ ਅਰਨਾਜ਼ ਦੇ ਮੁਸਲਮਾਨ ਹੋਣ ਕਰਕੇ ਉਸ ਦੀ ਥਾਂ ਦੂਜੇ ਨੰਬਰ ਉੱਤੇ ਆਉਣ ਵਾਲੀ ਹਿੰਦੂ ਵਿਦਿਆਰਥਣ ਨੂੰ ਸਨਮਾਨਤ ਕਰ ਦਿੱਤਾ | ਅਰਨਾਜ਼ ਦੇ ਪਰਵਾਰ ਨੇ ਮੌਕੇ ਉੱਤੇ ਹੀ ਇਸ ਦਾ ਵਿਰੋਧ ਕੀਤਾ, ਪਰ ਕਿਸੇ ਨੇ ਨਾ ਸੁਣੀ, ਕਿਉਂਕਿ ਗੁਜਰਾਤ ਨਫ਼ਰਤ ਦੇ ਸ਼ਹਿਨਸ਼ਾਹ ਦੀ ਕਰਮ ਸਥੱਲੀ ਹੈ |
ਇੱਕ ਦਲਿਤ ਨੌਜਵਾਨ ਸਚਿਨ ਕੁਲਦੀਪ ਰਾਜਸਥਾਨ ਦੇ ਬਹਿਰੋਡ ਜ਼ਿਲ੍ਹੇ ਦੇ ਪਾਵਟਾ ਵਿਚਲੇ ਜਵਾਹਰ ਨਵੋਦਿਆ ਸਕੂਲ ਦਾ ਦਸਵੀਂ ਦਾ ਵਿਦਿਆਰਥੀ ਸੀ | ਉਹ ਹੋਸਟਲ ਵਿੱਚ ਰਹਿੰਦਾ ਸੀ | 22 ਅਗਸਤ ਨੂੰ ਉਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਸਕੂਲ ਦੇ ਦੋ ਮਾਸਟਰ ਵਿਵੇਕ ਤੇ ਰਾਜ ਕੁਮਾਰ ਉਸ ਨੂੰ ਜਾਤੀਸੂਚਕ ਗਾਲ੍ਹਾਂ ਕੱਢਦੇ ਹਨ ਤੇ ਬਾਕੀ ਵਿਦਿਆਰਥੀਆਂ ਸਾਹਮਣੇ ਬੇਇੱਜ਼ਤ ਕਰਦੇ ਹਨ | ਉਸ ਨੇ ਕਿਹਾ ਕਿ ਜਦੋਂ ਉਸ ਨੇ ਪਿ੍ੰਸੀਪਲ ਨੂੰ ਸ਼ਿਕਾਇਤ ਕੀਤੀ ਤਾਂ ਪਿ੍ੰਸੀਪਲ ਨੇ ਕਿਹਾ, ‘ਜਿਹੜੀ ਜਾਤ ਦੇ ਹੋ, ਉਸ ਦੇ ਹੀ ਰਹੋਗੇ, ਇਸ ਵਿੱਚ ਗਲਤ ਕੀ ਹੈ |’ ਇਸ ਤੋਂ ਕੁਝ ਸਮੇਂ ਬਾਅਦ ਸਚਿਨ ਆਪਣੀ ਜਮਾਤ ਦੇ ਕਮਰੇ ਵਿੱਚ ਗਿਆ ਤੇ ਫਾਂਸੀ ਲਾ ਕੇ ਜਾਨ ਦੇ ਦਿੱਤੀ |
ਹਿਟਲਰ ਦੇ ਉਪਾਸ਼ਕ ਸ਼ਾਸਕਾਂ ਨੇ ਸਾਡੇ ਦੇਸ਼ ਨੂੰ ਇੱਕ ਸਦੀ ਦੇ ਕਰੀਬ ਪਿੱਛੇ ਧੱਕ ਦਿੱਤਾ ਹੈ | ਇਹ 8 ਸਤੰਬਰ 1938 ਦਾ ਦਿਨ ਸੀ | ਬਰਲਿਨ ਦੇ ਇੱਕ ਸਕੂਲ ਵਿੱਚ ਪੜ੍ਹਦੇ ਯਹੂਦੀ ਵਿਦਿਆਰਥੀ ਗਿਲਬਰਟ ਨੂੰ ਅਧਿਆਪਕ, ਜੋ ਆਰੀਆ ਨਸਲ ਦਾ ਸੀ, ਹੋਮਵਰਕ ਕਰਕੇ ਨਾ ਆਉਣ ਲਈ ਫਿਟਕਾਰਦਾ ਹੈ | ਫਿਰ ਉਸ ਨੂੰ ਪਿਛਲੀ ਬੈਂਚ ਉੱਤੇ ਬੈਠਣ ਲਈ ਕਹਿੰਦਾ ਹੈ | ਉਸ ਤੋਂ ਬਾਅਦ ਉਹ ਇੱਕ ਆਰੀਅਨ ਬੱਚੇ ਨੂੰ ਸੱਦ ਕੇ ਉਸ ਦੀਆਂ ਸਿਫ਼ਤਾਂ ਕਰਕੇ ਯਹੂਦੀ ਬੱਚੇ ਨੂੰ ਚਿੜਾਉਂਦਾ ਹੈ | ਉਹੀ ਨਫ਼ਰਤ ਅੱਜ ਸਾਡੇ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ | ਇਹ ਨਫ਼ਰਤ ਸਾਡੇ ਆਪਣੇ ਸਿਰਾਂ ਵਿੱਚ ਨਾ ਵੜ ਜਾਵੇ, ਇਸ ਲਈ ਜਾਗਣਾ ਪਵੇਗਾ, ਲੜਨਾ ਪਵੇਗਾ ਤੇ ਉੱਚੀ ਅਵਾਜ਼ ਵਿੱਚ ਬੋਲਣਾ ਪਵੇਗਾ |
-ਚੰਦ ਫਤਿਹਪੁਰੀ



