ਲਖਨਊ : ਬਸਪਾ ਸੁਪਰੀਮੋ ਮਾਇਆਵਤੀ ਨੇ ਸਾਫ਼ ਕੀਤਾ ਹੈ ਕਿ ਬਸਪਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਚਾਰ ਸੂਬਿਆਂ ’ਚ ਵਿਧਾਨਸਭਾ ਦੇ ਆਮ ਚੋਣਾਂ ’ਚ ਇਕੱਲੇ ਹੀ ਲੜੇਗੀ। ਪਾਰਟੀ ‘ਇੰਡੀਆ’ ਜਾਂ ‘ਐੱਨ ਡੀ ਏ’ ਕਿਸੇ ਨਾਲ ਗਠਜੋੜ ਦਾ ਹਿੱਸਾ ਨਹੀਂ ਬਣੇਗੀ। ਮਾਇਆਵਤੀ ਨੇ ਕਿਹਾ ਕਿ ਪੱਤਰਕਾਰ ਵਾਰ-ਵਾਰ ਗਲਤ ਖ਼ਬਰਾਂ ਨਾ ਫੈਲਾਉਣ। ਨਾਲ ਹੀ ਉਨ੍ਹਾ ਕਿਹਾ ਕਿ ਬਸਪਾ ਨਾਲ ਗਠਜੋੜ ਲਈ ਸਾਰੀਆਂ ਪਾਰਟੀਆਂ ਤਤਪਰ ਹਨ।
ਟਵਿਟਰ ’ਤੇ ਇੱਕ ਤੋਂ ਬਾਅਦ ਇੱਕ ਟਿੱਪਣੀਆਂ ’ਚ ਮਾਇਆਵਤੀ ਨੇ ਕਿਹਾ ਕਿ ਬਸਪਾ ਇਹ ਚੋਣਾਂ ਆਪਣੇ ਦਮ ’ਤੇ ਲੜੇਗੀ। ਬੁੱਧਵਾਰ ਉਨ੍ਹਾ ਕਿਹਾ ਕਿ ‘ਐੱਨ ਡੀ ਏ’ ਅਤੇ ‘ਇੰਡੀਆ’ ਦੋਵੇਂ ਗਠਜੋੜ ’ਚ ਜ਼ਿਆਦਾਤਰ ਗਰੀਬ ਵਿਰੋਧੀ ਜਾਤੀਵਾਦੀ, ਸੰਪ੍ਰਦਾਇਕ ਅਤੇ ਪੂੰਜੀਵਾਦੀ ਨੀਤੀਆਂ ਵਾਲੀਆਂ ਪਾਰਟੀਆਂ ਹਨ, ਜਿਨ੍ਹਾਂ ਦੀ ਨੀਤੀ ਦੇ ਵਿਰੁੱਧ ਬਸਪਾ ਸੰਘਰਸ਼ ਕਰ ਰਹੀ ਹੈ ਅਤੇ ਇਸ ਲਈ ਇਨ੍ਹਾਂ ਨਾਲ ਗਠਜੋੜ ਕਰਕੇ ਚੋਣਾਂ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਸਪਾ ਸੁਪਰੀਮੋ ਨੇ ਕਿਹਾ ਕਿ ਬਸਪਾ, ਵਿਰੋਧੀਆਂ ਦੇ ਜੁਗਾੜ/ਜੋੜ-ਤੋੜ ਨਾਲੋਂ ਜ਼ਿਆਦਾ ਸਮਾਜ ਦੇ ਗਰੀਬ ਪੱਛੜੇ ਕਰੋੜਾਂ ਲੋਕਾਂ ਨੂੰ ਜੋੜ ਕੇ ਉਨ੍ਹਾ ਦੇ ਗਠਜੋੜ ਨਾਲ 2007 ਦੀ ਤਰ੍ਹਾਂ ਇਕੱਲੇ ਆਗਾਮੀ ਲੋਕ ਸਭਾ ਅਤੇ ਚਾਰ ਸੂਬਿਆਂ ’ਚ ਵਿਧਾਨਸਭਾ ਦੀ ਆਮ ਚੋਣ ਲੜੇਗੀ।