ਬੈਂਗਲੁਰੂ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੈਸੂਰ ’ਚ ਗ੍ਰਹਿ ਲਕਸ਼ਮੀ ਯੋਜਨਾ ਦਾ ਸ਼ੁੱਭ ਆਰੰਭ ਕੀਤਾ। ਸੂਬਾ ਸਰਕਾਰ ਦੀ ਇਸ ਯੋਜਨਾ ਨਾਲ ਪਰਵਾਰ ਦੀ ਮਹਿਲਾ ਮੁਖੀਆ ਨੂੰ ਮਹੀਨਾਵਾਰ 2000 ਰੁਪਏ ਦੀ ਨਗਦ ਸਹਾਇਤਾ ਮਿਲੇਗੀ। ਉਦਘਾਟਨ ਪ੍ਰੋਗਰਾਮ ’ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਯੋਜਨਾ ਸੂਬੇ ਦੇ 10,400 ਸਥਾਨਾਂ ’ਤੇ ਇੱਕੋ ਸਮੇਂ ਸ਼ੁਰੂ ਕੀਤੀ ਗਈ। ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੰਜ ਚੋਣ ਵਾਅਦੇ ਕੀਤੇ ਸਨ, ਜਿਨ੍ਹਾਂ ’ਚੋਂ ਗ੍ਰਹਿ ਲਕਸ਼ਮੀ ਯੋਜਨ ਵੀ ਇੱਕ ਸੀ। ਪ੍ਰੋਗਰਾਮ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਪੰਜ ਵਾਅਦੇ ਕੀਤੇ ਸਨ। ਕਾਂਗਰਸ ਜਾਂ ਉਸ ਦੇ ਨੇਤਾ ਕੁਝ ਕਹਿੰਦੇ ਹਨ ਤਾਂ ਅਸੀਂ ਕਰਕੇ ਦਿਖਾਉਂਦੇ ਹਾਂ। ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਤਨਜ਼ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਿਨਾਂ ’ਚ ਇੱਕ ਫੈਸ਼ਨ ਹੈ ਕਿ ਦਿੱਲੀ ’ਚ ਸਰਕਾਰ ਕੇਵਲ ਅਰਬਪਤੀਆਂ ਲਈ ਕੰਮ ਕਰਦੀ ਹੈ। ਨਾਲ ਹੀ ਉਨ੍ਹਾ ਕਿਹਾ ਅਸੀਂ ਕਦੀ ਝੂਠੇ ਵਾਅਦੇ ਨਹੀਂ ਕਰਦੇ ਅਤੇ ਸਾਡੀ ਪਾਰਟੀ ਹਮੇਸ਼ਾ ਆਪਣੇ ਵਾਅਦਿਆਂ ’ਤੇ ਕਾਇਮ ਰਹਿੰਦੀ ਹੈ।
ਗ੍ਰਹਿ ਲਕਸ਼ਮੀ ਯੋਜਨਾ ਦੇ ਤਹਿਤ 1.11 ਕਰੋੜ ਪਰਵਾਰਾਂ ਦੀਆਂ ਮਹਿਲਾ ਮੁਖੀਆ ਨੂੰ 2000 ਰੁਪਏ ਟਰਾਂਸਫਰ ਕੀਤੇ ਗਏ। ਅਗਲੇ ਸਾਲ ਲਾਭਪਾਤਰੀਆਂ ਦੀ ਗਿਣਤੀ 1.3 ਕਰੋੜ ਤੱਕ ਜਾਣ ਦਾ ਟੀਚਾ ਹੈ। ਇਸ ’ਚ ਗਰੀਬੀ ਰੇਖਾ ਤੋਂ ਹੇਠਾਂ ਅਤੇ ਉਪਰ ਦੇ ਪਰਵਾਰਾਂ ਦੀਆਂ ਮਹਿਲਾਵਾਂ ਪਾਤਰ ਹਨ। ਇਸ ਦਾ ਲਾਭ ਕੇਵਲ ਉਹ ਪਰਵਾਰ ਹੀ ਲੈ ਸਕਦੇ ਹਨ ਜੋ ਵਸਤੂ ਅਤੇ ਸੇਵਾ ਕਰ (ਜੀ ਐੱਸ ਟੀ) ਅਤੇ ਆਮਦਨ ਕਰ ਰਿਟਰਨ ਦਾਖ਼ਲ ਨਹੀਂ ਕਰਦੇ। ਸਰਕਾਰ ਮੁਤਾਬਿਕ ਗ੍ਰਹਿ ਲਕਸ਼ਮੀ ਯੋਜਨਾ ਦਾ ਮਕਸਦ ਪਰਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਅਤੇ ਆਤਮਨਿਰਭਰ ਜੀਵਨ ਜਿਊਣ ਦੇ ਸੁਪਨੇ ਨੂੰ ਪੂਰਾ ਕਰਨ ਵਾਲੀ ਸੂਬੇ ਦੀ ਇੱਕ ਕਰੋੜ ਤੋਂ ਵੱਧ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਪਹਿਲਾਂ ਕਿਹਾ ਸੀ ਕਿ ਇਸ ਯੋਜਨਾ ਨਾਲ ਸੂਬੇ ਨੂੰ 30,000 ਕਰੋੜ ਰੁਪਏ ਦੀ ਲਾਗਤ ਆਉਣ ਦੀ ਉਮੀਦ ਹੈ। ਹਾਲਾਂਕਿ ਸੂਬੇ ਦੀ ਵਿਰੋਧੀ ਪਾਰਟੀ ਭਾਜਪਾ ਨੇ ਫੰਡਿੰਗ ਨੂੰ ਲੈ ਕੇ ਸਵਾਲ ਉਠਾਏ ਹਨ।