ਮੁੰਬਈ : ‘ਇੰਡੀਆ’ ਗਠਜੋੜ ਦੇ ਤਹਿਤ 28 ਦਲਾਂ ਦੀ ਮੀਟਿੰਗ ਮੁੰਬਈ ’ਚ ਹੋਣ ਜਾ ਰਹੀ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਨੂੰ ਲੈ ਕੇ ਬੁੱਧਵਾਰ ਨੂੰ ਮਹਾ ਵਿਕਾਸ ਅਗਾੜੀ ’ਚ ਸ਼ਾਮਲ ਕਾਂਗਰਸ, ਐਨ ਸੀ ਪੀ ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀਆਂ ਤਿਆਰੀਆਂ ਸਮੇਤ ਮਹਾਰਾਸ਼ਟਰ ਨੂੰ ਲੈ ਕੇ ਕਈ ਏਜੰਡਿਆਂ ’ਤੇ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਊਧਵ ਠਾਕਰੇ ਨੇ ਕਿਹਾ ਕਿ ਚਾਹੇ ਸਾਡੀ ਵਿਚਾਰਧਾਰਾ ਵੱਖ ਹੈ, ਪਰ ਸਾਡਾ ਮਕਸਦ ਇੱਕ ਹੀ ਹੈ। ਉਹ ਮਕਸਦ ਹੈ, ਭਾਜਪਾ ਨੂੰ ਹਟਾਉਣਾ। ਠਾਕਰੇ ਨੇ ਕਿਹਾ, ‘ਹੁਣ ਭਾਜਪਾ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਸਾਡੇ ਕਾਰਨ ਇਨ੍ਹਾਂ ਲੋਕਾਂ ਨੇ ਸਿਲੰਡਰ ’ਤੇ 200 ਰੁਪਏ ਦੀ ਕਟੌਤੀ ਕੀਤੀ। ਮਹਾਰਾਸ਼ਟਰ ਸੋਕੇ ਦੇ ਸੰਕਟ ਨਾਲ ਜੂਝ ਰਿਹਾ ਹੈ, ਉਹ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ। ਹੁਣ ਭਾਰਤ ਮਾਤਾ ਦੀ ਰੱਖਿਆ ਲਈ ਇੱਕ ਮੰਚ ’ਤੇ ਇਕੱਠੇ ਹੋਏ ਹਾਂ। ਊਧਵ ਠਾਕਰੇ ਨੇ ਕਿਹਾ ਕਿ ਵਿਕਾਸ ਤਾਂ ਅੰਗਰੇਜ਼ ਵੀ ਕਰ ਰਹੇ ਸਨ, ਪਰ ਸਾਨੂੰ ਵਿਕਾਸ ਦੇ ਨਾਲ ਆਜ਼ਾਦੀ ਵੀ ਚਾਹੀਦੀ। ਇਹ ਸਰਕਾਰ ਹੁਣ ਤਾਨਾਸ਼ਾਹੀ ਵੱਲ ਵਧ ਰਹੀ ਹੈ। ਉਸ ਤੋਂ ਮੁਕਤੀ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਠਾਕਰੇ ਨੇ ਕਿਹਾ ‘ਇੰਡੀਆ’ ਦੀ ਇਹ ਮੀਟਿੰਗ ਦੇਸ਼ ਲਈ ਹੈ, ਮੇਰੇ ਲਈ ਨਹੀਂ ਹੈ। ਮੀਟਿੰਗ ’ਚ ਸਾਰੇ ਮੁੱਦਿਆਂ ’ਤੇ ਵਿਸਥਾਰ ਨਾਲ ਗੱਲਬਾਤ ਹੋਵੇਗੀ। ਸ਼ਰਦ ਪਵਾਰ ਨੇ ਕਿਹਾ ਕਿ ਅਸੀਂ ਦੇਸ਼ ’ਚ ਬਦਲਾਅ ਲਈ ਇੱਕ ਮਜ਼ਬੂਤ ਵਿਕਲਪ ਦੇਣ ਜਾ ਰਹੇ ਹਾਂ।