ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। 18 ਤੋਂ 22 ਸਤੰਬਰ ਵਿਚਾਲੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ’ਚ ਕੁੱਲ ਪੰਜ ਬੈਠਕਾਂ ਹੋਣਗੀਆਂ, ਪਰ ਇਸ ਵਿਸ਼ੇਸ਼ ਸੈਸ਼ਨ ਦੇ ਏਜੰਡੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ 17ਵੀਂ ਲੋਕ ਸਭਾ ਦਾ 13ਵਾਂ ਸੈਸ਼ਨ ਅਤੇ ਰਾਜ ਸਭਾ ਦਾ 261ਵਾਂ ਸੈਸ਼ਨ ਹੋਵੇਗਾ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਅੰਮਿ੍ਰਤ ਕਾਲ ਵਿਚਾਲੇ ਸੰਸਦ ’ਚ ਸਾਰਥਕ ਚਰਚਾ ਅਤੇ ਬਹਿਸ ਦਾ ਇੰਤਜ਼ਾਰ ਕਰ ਰਹੇ ਹਾਂ। ਅਚਾਨਕ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦੀ ਵਜ੍ਹਾ ਕਾਰਨ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਰ ਪੰਜ ਦਿਨ ਤੱਕ ਚੱਲਣ ਵਾਲੀ ਸੰਸਦ ਦੀ ਕਾਰਵਾਈ ’ਚ ਕੀ ਹੋਣ ਵਾਲਾ ਹੈ? ਕੀ ਸਰਕਾਰ ਵੱਲੋਂ ਕੋਈ ਅਹਿਮ ਬਿੱਲ ਪੇਸ਼ ਹੋਵੇਗਾ ਜਾਂ ਫਿਰ ਇਹ ਨਵੇਂ ਸੰਸਦ ਭਵਨ ਨਾਲ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲਿਆ ਸੀ।
ਕਾਂਗਰਸ ਨੇ ਸਰਕਾਰ ਵੱਲੋਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਫੈਸਲੇ ਤੋਂ ਬਾਅਦ ਦੋਸ਼ ਲਾਇਆ ਕਿ ਅਡਾਨੀ ਸਮੂਹ ਖਿਲਾਫ਼ ਨਵੇਂ ਖੁਲਾਸੇ ਅਤੇ ਵਿਰੋਧੀ ਦਲਾਂ ਦੀ ਮੀਟਿੰਗ ਦੇ ਚਲਦੇ ਨਿਊਜ਼ ਮੈਨੇਜਮੈਂਟ ਕਰਨ ਦੀ ਕਵਾਇਦ ਦੇ ਤਹਿਤ ਵਿਸ਼ੇਸ਼ ਸੈਸ਼ਨ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਇਸ ਵਿਸ਼ੇਸ਼ ਸੈਸ਼ਨ ਦੌਰਾਨ ਅਡਾਨੀ ਸਮੂਹ ਦੇ ਮਾਮਲੇ ’ਚ ਜੇ ਪੀ ਸੀ ਦੀ ਜਾਂਚ ਦੀ ਮੰਗ ਸਦਨ ਦੇ ਅੰਦਰ ਅਤੇ ਬਾਹਰ ਜਾਰੀ ਰਹੇਗੀ।




