27.5 C
Jalandhar
Friday, October 18, 2024
spot_img

‘ਜੁੜੇਗਾ ਭਾਰਤ, ਜਿੱਤੇਗਾ ਇੰਡੀਆ’, ਲਾਲੂ ਦਾ ਮਜ਼ਾਕੀਆ ਅੰਦਾਜ਼, ਰਾਹੁਲ ਦਾ ਮੋਦੀ ’ਤੇ ਵਾਰ ਤੇ ਕੇਜਰੀਵਾਲ ਦਾ ਇਕਜੁੱਟਤਾ ਦਾ ਸੰਦੇਸ਼

ਮੁੰਬਈ : ਮੁੰਬਈ ’ਚ ਇੰਡੀਆ ਗਠਜੋੜ ਦੀ ਤੀਜੀ ਮੀਟਿੰਗ ਸੰਪੰਨ ਹੋ ਗਈ। ਇਸ ਮੀਟਿੰਗ ’ਚ 28 ਦਲ ਸ਼ਾਮਲ ਹੋਏ, ਕਈ ਮੁੱਦਿਆਂ ’ਤੇ ਮੰਥਨ ਕੀਤਾ ਅਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੱਡੇ ਬਿਆਨ ਦਿੱਤੇ ਗਏ। ਇੱਕ ਪਾਸੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦਾ ਮਜ਼ਾਕੀਆ ਅੰਦਾਜ਼ ਦੇਖਣ ਨੂੰ ਮਿਲਿਆ ਤਾਂ ਦੂਜੇ ਪਾਸੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੱਦਾਖ ਦੀ ਜ਼ਮੀਨ ’ਤੇ ਚੀਨ ਦੇ ਕਬਜ਼ੇ ਵਾਲੇ ਬਿਆਨ ਨਾਲ ਫਿਰ ਸਿਆਸੀ ਪਾਰਾ ਵਧਾ ਦਿੱਤਾ। ਉਥੇ ਹੀ ਕੇਜਰੀਵਾਲ ਨੇ ਆਪਣੇ ਛੋਟੇ ਸੰਬੋਧਨ ’ਚ ਬੇਰੁਜ਼ਗਾਰੀ ਅਤੇ ਅਡਾਨੀ ਵਰਗੇ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ। ਮੀਟਿੰਗ ਤੋਂ ਪਹਿਲਾਂ ‘ਇੰਡੀਆ’ ਦੇ ਨੇਤਾਵਾਂ ਨੇ ਗਰੁੱਪ ਤਸਵੀਰ ਕਰਵਾਈ। ਇਸ ਤੋਂ ਬਾਅਦ ਮੀਟਿੰਗ ’ਚ ਗਠਜੋੜ ਨੇ 14 ਮੈਂਬਰਾਂ ਦੀ ਕੋਆਰਡੀਨੇਸ਼ਨ ਕਮੇਟੀ ਦੇ ਨਾਵਾਂ ’ਤੇ ਮੋਹਰ ਲੱਗ ਗਈ। ਇਸ ਕਮੇਟੀ ’ਚ ਐੱਨ ਸੀ ਪੀ ਦੇ ਸ਼ਰਦ ਪਵਾਰ, ਟੀ ਐੱਮ ਸੀ ਦੇ ਅਭਿਸ਼ੇਕ ਬੈਨਰਜੀ, ਸ਼ਿਵ ਸੈਨਾ ਦੇ ਸੰਜੇ ਰਾਊਤ, ਸੀ ਪੀ ਆਈ ਨੇਤਾ ਡੀ ਰਾਜਾ, ਪੀ ਡੀ ਪੀ ਤੋਂ ਮਹਿਬੂਬਾ ਮੁਫ਼ਤੀ, ਸਮਾਜਵਾਦੀ ਪਾਰਟੀ ਤੋਂ ਜਾਵੇਦ ਖਾਨ, ਜੇ ਡੀ ਯੂ ਦੇ ਪ੍ਰਧਾਨ ਲੱਲਨ ਸਿੰਘ, ਆਮ ਆਦਮੀ ਪਾਰਟੀ ਦੇ ਰਾਘਵ ਚੱਡਾ, ਕਾਂਗਰਸ ਦੇ ਕੇ ਸੀ ਵੇਣੂਗੋਪਾਲ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਮਰ ਅਬਦੁੱਲਾ, ਹੇਮੰਤ ਸੋਰੇਨ, ਐੱਮ ਕੇ ਸਟਾਲਿਨ ਅਤੇ ਤੇਜਸਵੀ ਯਾਦਵ ਵੀ ਇਸ ਦਾ ਹਿੱਸਾ ਹੋਣਗੇ। ਇਸ ਕਮੇਟੀ ਦੀ ਜ਼ਿੰਮੇਵਾਰ ਗਠਜੋੜ ਨਾਲ ਜੁੜੇ ਵੱਡੇ ਫੈਸਲੇ ਲੈਣ ਦੀ ਹੋਵੇਗੀ, ਨਾਲ ਹੀ ਟਿਕਟ ਬਟਵਾਰੇ ’ਤੇ ਵੀ ਇਹ ਕਮੇਟੀ ਚਰਚਾ ਕਰੇਗੀ। ਇਸ ਤੋਂ ਇਲਾਵਾ ਗਠਜੋੜ ਨੇ ਆਪਣਾ ਨਾਅਰਾ ਵੀ ਫਾਈਨਲ ਕਰ ਲਿਆ। ਇਸ ਸਲੋਗਨ ’ਚ ਭਾਰਤ ਅਤੇ ਇੰਡੀਆ ਦੋਵਾਂ ਨੂੰ ਸ਼ਾਮਲ ਕੀਤਾ ਗਿਆ। ਇਹ ਲੋਗੋ ‘ਜੁੜੇਗਾ ਭਾਰਤ, ਜਿੱਤੇਗਾ ਇੰਡੀਆ’। ਮੀਟਿੰਗ ’ਚ ਕਨਵੀਨਰ ਦਾ ਫੈਸਲਾ ਨਹੀਂ ਹੋਇਆ।
ਇੰਡੀਆ ਗਠਜੋੜ ਵੱਲੋਂ ਜਾਰੀ ਸੰਯੁਕਤ ਬਿਆਨ ’ਚ ਕਿਹਾ ਗਿਆ ਕਿ ‘ਅਸੀਂ ਅਗਾਮੀ ਲੋਕਸਭਾ ਚੋਣਾਂ ਮਿਲ ਕੇ ਲੜਨ ਦਾ ਸੰਕਲਪ ਲੈਂਦੇ ਹਾਂ। ਵੱਖ-ਵੱਖ ਸੂਬਿਆਂ ’ਚ ਸੀਟਾਂ ਬਟਵਾਰੇ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਹਾ ਗਿਆ ਕਿ ਅਸੀਂ ‘ਇੰਡੀਆ’ ਦੇ ਦਲ, ਜਨਤਾ ਦੀਆਂ ਸਮੱਸਿਆਵਾਂ ਅਤੇ ਉਨ੍ਹਾ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਛੇਤੀ ਜਨਤਕ ਰੈਲੀਆਂ ਕਰਾਂਗੇ। ਮੀਟਿੰਗ ’ਚ ਖੜਗੇ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ’ਚ ਸਾਡੇ ਉਪਰ ਛਾਪੇਮਾਰੀ ਅਤੇ ਗਿ੍ਰਫ਼ਤਾਰੀਆਂ ਵਧਣਗੀਆਂ। ਉਨ੍ਹਾ ਕਿਹਾ, ਇਸ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ। ਖੜਗੇ ਨੇ ਕਿਹਾ ਕਿ ਇਹ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾ ਕਿਹਾ ਕਿ ਸਾਡੀ ਸਫ਼ਲਤਾ ਨੂੰ ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਲਗਾਤਾਰ ਸਾਡੇ ’ਤੇ ਹੀ ਹਮਲਾ ਕਰ ਰਹੇ ਹਨ। ਉਨ੍ਹਾ ਕਿਹਾ ਕਿ ਸਾਡੇ ਗਠਜੋੜ ਦੀ ਜ਼ਮੀਨ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਏਜੰਸੀਆਂ ਦਾ ਇਸਤੇਮਾਲ ਸਾਡੇ ਖਿਲਾਫ਼ ਵਧ ਸਕਦਾ ਹੈ। ਇਨ੍ਹਾਂ ਲੋਕਾਂ ਨੇ ਮਹਾਰਾਸ਼ਟਰ, ਰਾਜਸਥਾਨ ਅਤੇ ਬੰਗਾਲ ’ਚ ਇਸ ਤਰ੍ਹਾਂ ਹੀ ਕੀਤਾ। ਇੱਥੋਂ ਤੱਕ ਕਿ ਪਿਛਲੇ ਹਫ਼ਤੇ ਇਨ੍ਹਾਂ ਨੇ ਝਾਰਖੰਡ ਅਤੇ ਛੱਤੀਸਗੜ੍ਹ ’ਚ ਵੀ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਖੜਗੇ ਨੇ ਕਿਹਾ, ਸਾਡੀ ਸਫ਼ਲਤਾ ਇਹੀ ਹੈ ਕਿ ਪਟਨਾ ਅਤੇ ਬੈਂਗਲੁਰੂ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਲਗਾਤਾਰ ਸਾਡੇ ’ਤੇ ਹਮਲਾ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅੱਜ ਹੇਟ ਕ੍ਰਾਇਮ ਸਿਖਰ ’ਤੇ ਹੈ। ਬਲਾਤਕਾਰ ਦੇ ਦੋਸ਼ੀਆਂ ਨੂੰ ਛੱਡ ਦਿੱਤਾ ਜਾ ਰਿਹਾ ਹੈ ਅਤੇ ਕੁੱਕੀ ਮਹਿਲਾਵਾਂ ’ਤੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾ ਕਿਹਾ ਕਿ ਭਾਜਪਾ ਅਤੇ ਆਰ ਐੱਸ ਐੱਸ ਨੇ ਬੀਤੇ 9 ਸਾਲਾਂ ’ਚ ਜੋ ਸੰਪ੍ਰਦਾਇਕ ਜ਼ਹਿਰ ਘੋਲਿਆ ਹੈ। ਉਹ ਹੁਣ ਅਸਰ ਦਿਖਾਈ ਦੇਣ ਲੱਗਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਟੇਜ ’ਤੇ ਨੇਤਾ ਅਤੇ ਪਾਰਟੀਆਂ ਹਨ, ਉਹ 60 ਫੀਸਦੀ ਲੋਕਾਂ ਦੀ ਅਗਵਾਈ ਕਰਦੇ ਹਨ। ਮੈਨੂੰ ਖੁਸ਼ੀ ਹੈ ਕਿ ਜੋ ਸਾਡੀ ਪਾਰਟੀ ਹੈ, ਨੇਤਾ ਹਨ, ਸਾਡੇ ਵਿਚਾਲੇ ਤਾਲਮੇਲ ਵਧਦਾ ਜਾ ਰਿਹਾ ਹੈ। ਅਸੀਂ ਅਸਾਨੀ ਨਾਲ ਭਾਜਪਾ ਨੂੰ ਚੋਣਾਂ ’ਚ ਹਰਾ ਦਿਆਂਗੇ। ਭਾਜਪਾ ਗਰੀਬਾਂ ਤੋਂ ਪੈਸਾ ਖੋਹ ਕੇ ਚੁਣੇ ਹੋਏ ਦੋ ਤਿੰਨ ਲੋਕਾਂ ਨੂੰ ਦੇ ਰਹੀ ਹੈ। ਉਨ੍ਹਾ ਕਿਹਾ, ਹੁਣ ਸੀਟ ਬਟਵਾਰੇ ’ਤੇ ਚਰਚਾ ਹੋਵੇਗੀ। ਰਾਹੁਲ ਨੇ ਕਿਹਾ ਕਿ ਵਿਕਾਸ ’ਚ ਅਸੀਂ ਕਿਸਾਨ ਗਰੀਬਾਂ ਨੂੰ ਨਾਲ ਲੈ ਕੇ ਚੱਲਾਂਗੇ। ਉਨ੍ਹਾ ਕਿਹਾ ਕਿ ਇੰਡੀਆ ਗਠਜੋੜ ਭਾਜਪਾ ਅਤੇ ਉਸ ਦੇ ਭਿ੍ਰਸ਼ਟਾਚਾਰ ਖਿਲਾਫ਼ ਲੜੇਗਾ। ਮੈਨੂੰ ਵਿਸ਼ਵਾਸ ਹੈ ਕਿ ਇੰਡੀਆ ਗਠਜੋੜ ਭਾਜਪਾ ਨੂੰ ਅਸਾਨੀ ਨਾਲ ਹਰਾ ਦੇਵੇਗਾ।
ਉਥੇ ਹੀ ਮਮਤਾ ਬੈਨਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਭਾਰਤ ਦੀ ਭਲਾਈ ਲਈ ਲੜ ਰਹੇ ਹਾਂ। ਉਥੇ ਹੀ ਕਾਂਗਰਸ ਨੇਤਾ ਸੰਦੀਪ ਦੀਕਸ਼ਤ ਨੇ ਭਾਜਪਾ ਨੇਤਾਵਾਂ ’ਤੇ ਨਿਸ਼ਾਨਾ ਲਾਇਆ। ਉਨ੍ਹਾ ਕਿਹਾ, ‘ਜੇਕਰ ਇਸ ਮੀਟਿੰਗ ਦਾ ਕੋਈ ਮਤਲਬ ਨਹੀਂ ਹੈ ਤਾਂ ਭਾਜਪਾ ਵਾਲੇ ਪ੍ਰੇਸ਼ਾਨ ਕਿਉਂ ਹਨ? ਕੀ ਜਦ ਕੋਈ ਵਿਅਕਤੀ ਕਿਸੇ ਚੀਜ਼ ਤੋਂ ਡਰਦਾ ਹੈ ਤਾਂ ਉਹ ਸਾਰੀ ਫੌਜ ਉਸ ’ਤੇ ਲਾ ਦਿੰਦਾ ਹੈ।’
ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸਾਡੇ ਇਕੱਠੇ ਨਾ ਹੋਣ ਕਾਰਨ ਦੇਸ਼ ਨੂੰ ਨੁਕਸਾਨ ਹੋਇਆ, ਮੋਦੀ ਨੂੰ ਫਾਇਦਾ। ਲਾਲੂ ਨੇ ਕਿਹਾ ਇਸ ਦੇਸ਼ ’ਚ ਘੱਟਗਿਣਤੀ ਸੁਰੱਖਿਅਤ ਨਹੀਂ। ਕੀ-ਕੀ ਹੋ ਰਿਹਾ ਇਸ ਦੇਸ਼ ’ਚ ਤੁਹਾਨੂੰ ਪਤਾ ਹੀ ਹੈ। ਦੇਸ਼ ’ਚ ਗਰੀਬੀ ਵਧ ਰਹੀ ਹੈ, ਮਹਿੰਗਾਈ ਵਧ ਰਹੀ ਹੈ, 60 ਰੁਪਏ ਕਿੱਲੋ ਭਿੰਡੀ ਹੋ ਗਈ, ਟਮਾਟਰ ’ਚ ਕੋਈ ਸਵਾਦ ਨਹੀਂ ਰਿਹਾ, ਲਗਾਤਾਰ ਲੜਾਈ ਲੜਦੇ-ਲੜਦੇ ਅਸੀਂ ਅੱਜ ਇਸ ਥਾਂ ’ਤੇ ਪਹੁੰਚੇ ਹਾਂ, ਅਸੀਂ ਸਾਰੇ ਪਟਨਾ, ਬੈਂਗਲੁਰੂ ਅਤੇ ਮਹਾਰਾਸ਼ਟਰ ਤੋਂ ਆਏ ਹਾਂ। ਉਨ੍ਹਾ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਇੱਥੇ ਇਕੱਠੇ ਹੋਏ ਹਾਂ। ਅਸੀਂ ਸ਼ੁਰੂ ਤੋਂ ਭਾਜਪਾ ਹਟਾਓ, ਦੇਸ਼ ਬਚਾਓ ’ਚ ਲੱਗੇ ਹੋਏ ਹਾਂ। ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ, ਅਸੀਂ ਉਨ੍ਹਾ ਨੂੰ ਹਰਾ ਕੇ ਹੀ ਦਮ ਲਵਾਂਗੇ। ਲਾਲੂ ਨੇ ਅੱਗੇ ਤਨਜ਼ ਕਰਦੇ ਹੋਏ ਕਿਹਾ, ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ 15-15 ਲੱਖ ਦਾ ਵਾਅਦਾ ਕੀਤਾ। ਮੋਦੀ ਨੇ ਪੂਰੇ ਦੇਸ਼ ’ਚ ਖਾਤੇ ਖੁਲ੍ਹਵਾ ਦਿੱਤੇ। ਅਸੀਂ ਵੀ ਉਨ੍ਹਾ ਦੇ ਝਾਂਸੇ ’ਚ ਆ ਕੇ ਆਪਣਾ ਖਾਤਾ ਖੁਲ੍ਹਵਾ ਲਿਆ, ਪਰ ਪੈਸਾ ਨਹੀਂ ਆਇਆ। ਮਿਲਿਆ ਕੀ, ਇਹ ਤੁਸੀਂ ਸਾਰੇ ਲੋਕਾਂ ਨੂੰ ਵੀ ਪਤਾ ਹੈ। ਇਸ ਤੋਂ ਬਾਅਦ ਉਨ੍ਹਾ ਕਿਹਾ ਕਿ ਵਿਗਿਆਨਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਮੋਦੀ ਜੀ ਕੋ ਸੂਰਜ ਤੱਕ ਪਹੁੰਚਾ ਦਿਓ। ਇਸ ਲਈ ਸਾਰੇ ਸ਼ੁੱਭਕਾਮਨਾਵਾਂ ਵੀ ਹਨ। ਦੇਸ਼ ’ਚ ਵਿਰੋਧੀ ਦਲ ਦਾ ਕੋਈ ਨੇਤਾ ਨਹੀਂ ਬਚਿਆ ਹੋਵੇਗਾ, ਜਿਸ ਨੂੰ ਜਾਂਚ ਏਜੰਸੀਆਂ ਦਾ ਸਾਹਮਣਾ ਨਾ ਕਰਨਾ ਪੈ ਪਿਆ ਹੋਵੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਇਹ 28-30 ਦਲਾਂ ਦਾ ਗਠਜੋੜ ਨਹੀਂ ਹੈ। ਇਹ ਦੇਸ਼ ਦੇ 140 ਕਰੋੜ ਲੋਕਾਂ ਦਾ ਗਠਜੋੜ ਹੈ। ਉਨ੍ਹਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਸਭ ਤੋਂ ਭਿ੍ਰਸ਼ਟ ਸਰਕਾਰਾਂ ’ਚੋਂ ਇੱਕ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਸਭ ਤੋਂ ਹੰਕਾਰੀ ਸਰਕਾਰ ਹੈ। ਇਹ ਸਰਕਾਰ ਸਿਰਫ਼ ਇੱਕ ਆਦਮੀ ਲਈ ਕੰਮ ਕਰ ਰਹੀ ਹੈ। ਦੇਸ਼ ਦਾ ਨੌਜਵਾਨ ਰੁਜ਼ਗਾਰ ਲੱਭ ਰਿਹਾ ਹੈ, ਉਹ ਜਦ ਸਰਕਾਰ ਦੇ ਕੋਲ ਜਾਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਸਾਰੀ ਸਰਕਾਰ ਇੱਕ ਹੀ ਆਦਮੀ ਲਈ ਕੰਮ ਕਰ ਰਹੀ ਹੈ।
ਨੀਤਿਸ਼ ਕੁਮਾਰ ਨੇ ਕਿਹਾ ਕਿ ਇੱਕ ਵਾਰ ਜਦ ਉਨ੍ਹਾ (ਪ੍ਰਧਾਨ ਮੰਤਰੀ ਨਰੇਂਦਰ ਮੋਦੀ) ਤੋਂ ਮੁਕਤੀ ਮਿਲੇਗੀ, ਫਿਰ ਤੁਸੀਂ ਪ੍ਰੈੱਸ ਪੱਤਰਕਾਰ ਆਜ਼ਾਦ ਹੋ ਜਾਓਗੇ, ਫਿਰ ਤੋਂ ਜੋ ਮਨ ਕਰੇ, ਲਿਖਣਾ। ਉਨ੍ਹਾ ਕਿਹਾ ਕਿ ਅੱਜਕੱਲ੍ਹ ਅਸੀਂ ਦੇਖ ਰਹੇ ਕਿ ਉਹ ਕੋਈ ਕੰਮ ਨਹੀਂ ਕਰ ਰਹੇ, ਪਰ ਉਨ੍ਹਾ ਦੀ ਪ੍ਰਸੰਸਾ ਛਾਪੀ ਜਾ ਰਹੀ ਹੈ। ਭਾਜਪਾ ਦੇਸ਼ ਦੇ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ, ਅਸੀਂ ਉਨ੍ਹਾ ਨੂੰ ਇਸ ਤਰ੍ਹਾਂ ਕਰਨ ਨਹੀਂ ਦੇਵਾਂਗੇ। ਉਹ ਚੋਣਾਂ ਕਦੀ ਵੀ ਕਰਾ ਸਕਦੇ ਹਨ, ਇਹ ਜਾਣ ਲਓ। ਅਸੀਂ ਵੀ ਇਸ ਦੀ ਚਰਚਾ ਕੀਤੀ ਹੈ, ਤੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

Related Articles

LEAVE A REPLY

Please enter your comment!
Please enter your name here

Latest Articles