ਇੰਫਾਲ : ਮਨੀਪੁਰ ’ਚ ਪਿਛਲੇ ਤਿੰਨ ਮਹੀਨਿਆਂ ਤੋਂ ਹਿੰਸਾ ਰੁਕੀ ਨਹੀਂ। ਹੁਣ ਸੂਬੇ ’ਚ ਤਣਾਅ ਨਾਲ ਨਜਿੱਠਣ ਦਾ ਕੰਮ ਫੌਜ ਦੇ ਇੱਕ ਰਿਟਾਇਰਡ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾ 2015 ’ਚ ਮਿਆਂਮਾਰ ’ਚ ਹੋਈ ਸਰਜੀਕਲ ਸਟਰਾਇਕ ’ਚ ਅਹਿਮ ਭੂਮਿਕਾ ਨਿਭਾਈ ਸੀ। 24 ਅਗਸਤ ਨੂੰ ਮਨੀਪੁਰ ਸਰਕਾਰ ਨੇ ਕਰਨਲ (ਰਿਟਾਇਰਡ) ਨੇਕਟਾਰ ਸੰਜੇਨਬਮ ਨੂੰ ਮਨੀਪੁਰ ਪੁਲਸ ਵਿਭਾਗ ’ਚ ਸੀਨੀਅਰ ਸੁਪਰਡੈਂਟ ਨਿਯੁਕਤ ਕੀਤਾ ਹੈ। ਉਨ੍ਹਾ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਇਸ ਨਿਯੁਕਤੀ ਤੋਂ ਕੁਕੀ ਸੰਗਠਨ ਖੁਸ਼ ਨਹੀਂ। ਕੁਕੀ ਭਾਈਚਾਰੇ ਦੇ ਸਟੂਡੈਂਟਸ ਆਰਗੇਨਾਈਜ਼ੇਸ਼ਨ (ਕੇ ਐੱਸ ਓ) ਦਾ ਕਹਿਣਾ ਹੈ ਕਿ ਮੈਤੇਈ ਅਧਿਕਾਰੀਆਂ ਨੂੰ ਸੂਬੇ ’ਚ ਉੱਚ ਅਹੁਦੇ ’ਤੇ ਬਿਠਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ਬੀਤੇ ਤਿੰਨ ਮਹੀਨਿਆਂ ਤੋਂ ਹਿੰਸਾ ਦੀ ਅੱਗ ’ਚ ਸੜ ਰਿਹਾ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 170 ਲੋਕਾਂ ਦੀ ਮੌਤ ਹੋ ਚੁੱਕੀ ਅਤੇ ਹਜ਼ਾਰਾਂ ਲੋਕ ਆਪਣਾ ਘਰ-ਬਾਰ ਛੱਡ ਕੇ ਚਲੇ ਗਏ ਹਨ।





