ਟੈਕਸ ਚੋਰਾਂ ਖਿਲਾਫ ਸਖਤ ਮੁਹਿੰਮ ਸਦਕਾ ਅਗਸਤ ’ਚ 15.37 ਕਰੋੜ ਦੇ ਕੀਤੇ ਜੁਰਮਾਨੇ : ਚੀਮਾ

0
214

ਚੰਡੀਗੜ੍ਹ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਐਤਵਾਰ ਨੂੰ ਕਿਹਾ ਗਿਆ ਕਿ ਕਰ ਵਿਭਾਗ ਦੀਆਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ (ਸਿਪੂ) ਦੇ ਮੋਬਾਇਲ ਵਿੰਗਾਂ ਵੱਲੋਂ ਅਗਸਤ ਮਹੀਨੇ ਦੌਰਾਨ ਸੂਬੇ ਭਰ ’ਚ ਕਰ ਚੋਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 873 ਵਾਹਨਾਂ ਨੂੰ ਈ-ਵੇਅ ਬਿੱਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ 15.37 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਸਿਪੂ ਵੱਲੋਂ ਅਗਸਤ ਮਹੀਨੇ ਦੌਰਾਨ ਕੁੱਲ 1052 ਵਾਹਨਾਂ ਅਤੇ ਜੁਲਾਈ ਮਹੀਨੇ ਦੇ ਬਕਾਇਆ 70 ਮਾਮਲਿਆਂ ’ਚ ਕਾਰਵਾਈ ਕੀਤੀ ਗਈ, ਜਿਨ੍ਹਾਂ ’ਚੋਂ 873 ਮਾਮਲਿਆਂ ’ਚ ਕੁੱਲ ਕਰ ਚੋਰੀ ਬਾਰੇ ਫੈਸਲਾ ਲੈਂਦਿਆਂ 15,37,30,704 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਬਕਾਇਆ 249 ਮਾਮਲਿਆਂ ਵਿੱਚ 4.38 ਕਰੋੜ ਰੁਪਏ ਦਾ ਜੁਰਮਾਨਾ ਵਸੂਲੇ ਜਾਣ ਦੀ ਸੰਭਾਵਨਾ ਹੈ। ਚੀਮਾ ਨੇ ਕਿਹਾ ਕਿ ਲਾਏ ਗਏ ਕੁੱਲ ਜੁਰਮਾਨੇ ’ਚੋਂ 14,90,94,501 ਰੁਪਏ ਦਾ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ, ਜਦਕਿ ਬਕਾਇਆ ਜੁਰਮਾਨਾ ਵੀ ਜਲਦ ਹੀ ਵਸੂਲਿਆ ਜਾਵੇਗਾ। ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਿਪੂ ਟੀਮਾਂ ਬਾਰੇ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਸਿਪੂ ਸ਼ੰਭੂ ਵੱਲੋਂ ਸਭ ਤੋਂ ਵੱਧ 184 ਵਾਹਨਾਂ ਵਿਰੁੱਧ, ਜਦਕਿ ਸਿਪੂ ਲੁਧਿਆਣਾ ਵੱਲੋਂ 172, ਸਿਪੂ ਪਟਿਆਲਾ ਵੱਲੋਂ 158 ਅਤੇ ਸਿਪੂ ਰੋਪੜ ਵੱਲੋਂ 134 ਵਾਹਨਾਂ ਵਿਰੁੱਧ ਕਾਰਵਾਈ ਕੀਤੀ ਗਈ। ਉਨ੍ਹਾ ਕਿਹਾ ਕਿ ਕਰ ਚੋਰਾਂ ਖਿਲਾਫ ਜਾਰੀ ਇਸ ਮੁਹਿੰਮ ਦੇ ਤਹਿਤ ਸਿਪੂ ਸ਼ੰਭੂ ਵੱਲੋਂ ਸਭ ਤੋਂ ਵੱਧ 3.21 ਕਰੋੜ ਦੇ ਜੁਰਮਾਨਾ ਲਗਾਏ ਅਤੇ 3.18 ਕਰੋੜ ਰੁਪਏ ਦੇ ਜੁਰਮਾਨੇ ਵਸੂਲਣ ਵਿੱਚ ਸਫਲਤਾ ਹਾਸਲ ਕੀਤੀ। ਇਸੇ ਤਰ੍ਹਾਂ ਸਿਪੂ ਪਟਿਆਲਾ ਵੱਲੋਂ 2.80 ਕਰੋੜ ਰੁਪਏ ਦੇ ਲਾਏ ਗਏ ਜੁਰਮਾਨਿਆਂ ’ਚੋਂ 2.67 ਕਰੋੜ ਰੁਪਏ ਦੀ ਵਸੂਲੀ ਕਰਨ ’ਚ ਸਫਲਤਾ ਹਾਸਲ ਕੀਤੀ ਗਈ। ਸਿਪੂ ਦੀਆਂ ਟੀਮਾਂ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਕਾਮਯਾਬੀ ਲਈ ਚੀਮਾ ਨੇ ਉਨ੍ਹਾ ਨੂੰ ਵਧਾਈ ਦਿੱਤੀ ਅਤੇ ਆਪਣੇ ਪ੍ਰਦਰਸ਼ਨ ’ਚ ਹੋਰ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here