ਗਿਆਨ ਸੈਦਪੁਰੀ ਜਨਰਲ ਸਕੱਤਰ ਤੇ ਵੀਰ ਕੁਮਾਰ ਪ੍ਰਧਾਨ ਬਣੇ
ਜਲੰਧਰ (ਗਿਆਨ ਸੈਦਪੁਰੀ)
ਆਪਣੀ ਹੋਣੀ ਦੇ ਆਪ ਮਾਲਕ ਬਣਨ ਦਾ ਜਜ਼ਬਾ ਪੈਦਾ ਕਰਨ ਦੀ ਪੁਰਜ਼ੋਰ ਪ੍ਰੇਰਨਾ ਦਿੰਦਿਆਂ ਤੇ ਉਸ ਜਜ਼ਬੇ ਤੇ ਵਲਵਲੇ ਨੂੰ ਅਸਲੀਅਤ ਦਾ ਰੂਪ ਦੇਣ ਲਈ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜੁਝਾਰੂ ਵਿਰਸੇ ਤੋਂ ਡੈਲੀਗੇਟਾਂ ਨੂੰ ਜਾਣੂ ਕਰਵਾਇਆ। ਉਹ ਐਤਵਾਰ ਸੀ ਪੀ ਆਈ ਦਫਤਰ ਜਲੰਧਰ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਲਗਭਗ 35 ਪਿੰਡਾਂ ਦੀ ਸ਼ਮੂਲੀਅਤ ਵਾਲੇ ਡੈਲੀਗੇਟਾਂ ਦੇ ਇਕੱਠ ਵਿੱਚ 21 ਮੈਂਬਰੀ ਜ਼ਿਲ੍ਹਾ ਕਮੇਟੀ ਅਤੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕਾਮਰੇਡ ਗੋਰੀਆ ਨੇ ਗੁਰਬਾਣੀ ਦੀ ਇੱਕ ਤੁਕ ਦੇ ਹਵਾਲੇ ਨਾਲ ਕਿਹਾ ਕਿ ਮਜ਼ਦੂਰ ਵਰਗ ਦੀਆਂ ਜਿਊਣ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਇਸ ਵਰਗ ਨੂੰ ਖੁਦ ਹੀ ਹੰਭਲਾ ਮਾਰਨਾ ਪੈਣਾ ਹੈ। ਸਭਾ ਦੇ ਲਹੂ-ਵੀਟਵੇਂ ਅੰਦੋਲਨ ਦੀ ਗੱਲ ਕਰਦਿਆ ਕਾਮਰੇਡ ਗੋਰੀਆ ਨੇ ਦੱਸਿਆ ਕਿ ਅੰਦੋਲਨ ਅਜਾਈਂ ਨਹੀ ਗਿਆ, ਸਗੋਂ ਅਸੀਂ ਕਈ ਕੁਝ ਪ੍ਰਾਪਤ ਕੀਤਾ ਹੈ। ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਅਗਲੇ ਅਤੇ ਅਗਲੇਰੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾ ਮਜ਼ਦੂਰ ਵਰਗ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਗੱਲ ਕਰਦਿਆ ਆਖਿਆ ਕਿ ਸਿਰਫ ਰੋਟੀ ਦਾ ਮਸਲਾ ਨਹੀਂ, ਸਗੋਂ ਪੌਸ਼ਟਿਕ ਖੁਰਾਕ ਦਾ ਹੈ। ਬੱਚਿਆਂ ਦੀ ਪੜ੍ਹਾਈ ਹੀ ਨਹੀਂ, ਸਗੋਂ ਮਿਆਰੀ ਪੜ੍ਹਾਈ ਚਾਹੀਦੀ ਹੈ। ਇਸੇ ਤਰ੍ਹਾਂ ਚੰਗੀ ਸਿਹਤ ਅਤੇ ਰੁਜ਼ਗਾਰ ਦੀ ਗਰੰਟੀ ਦਾ ਮਸਲਾ ਵੀ ਹੈ । ਸਮਾਜਕ ਨਿਆਂ ਪ੍ਰਾਪਤ ਕਰਨਾ ਵੀ ਸਾਡੇ ਅਕੀਦਿਆਂ ਵਿੱਚ ਸ਼ਾਮਲ ਹੈ। ਖੇਤੀ ਮਸ਼ੀਨਰੀ ਵਿੱਚ ਹੋਏ ਅਥਾਹ ਵਾਧੇ ਕਾਰਨ ਕੰਮ ਤੋਂ ਵਿਹਲੇ ਹੋ ਗਏ ਖੇਤ ਮਜ਼ਦੂਰਾਂ ਦੀ ਰੋਟੀ-ਰੋਜ਼ੀ ਦਾ ਮਸਲਾ ਵੀ ਸਾਡੇ ਸਾਹਮਣੇ ਹੈ। ਮਜ਼ਦੂਰ ਆਗੂ ਨੇ ਕਿਸਾਨਾਂ ਨੂੰ ਵੀ ਗੁਹਾਰ ਲਾਈ ਕਿ ਸੀਰੀ ਤੇ ਕਿਸਾਨ ਦੇ ਰਿਸ਼ਤੇ ਦੇ ਮੱਦੇਨਜ਼ਰ ਉਹ ਮਜ਼ਦੂਰਾਂ ਦੀ ਬਾਂਹ ਫੜਨ ਲਈ ਅੱਗੇ ਆਉਣ। ਕਾਮਰੇਡ ਗੋਰੀਆ ਨੇ ਹੁਣੇ ਜਿਹੇ ਹੈਦਰਾਬਾਦ ਵਿੱਚ ਹੋਈ ਕੌਮੀ ਦਲਿਤ ਕਨਵੈਨਸ਼ਨ ਵਿੱਚ ਹੋਏ ਅਹਿਮ ਫੈਸਲਿਆਂ ਤੋਂ ਵੀ ਡੈਲੀਗੇਟਾਂ ਨੂੰ ਜਾਣੂ ਕਰਵਾਇਆ। ਉਨ੍ਹਾ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਪਟਨਾ (ਬਿਹਾਰ) ਵਿਖੇ ਦੇਸ਼ ਪੱਧਰ ਦੇ ਮਜ਼ਦੂਰ ਇਕੱਠ ਤੋਂ ਪਹਿਲਾਂ ਫਰੀਦਕੋਟ ਜ਼ਿਲ੍ਹੇ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਕਾਨਫਰੰਸ ਹੋਵੇਗੀ। ਇਸ ਕਾਨਫਰੰਸ ਨੂੰ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਸੰਬੋਧਨ ਕਰਨਗੇ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਪੰਜਾਬ ਸਰਕਾਰ ਦੇ ਦਲਿਤ ਤੇ ਮਜ਼ਦੂਰ ਵਿਰੋਧੀ ਕਿਰਦਾਰ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾ ਗਰੀਬ ਔਰਤਾਂ ਦੇ ਦਰਦ ਦੀ ਬਾਤ ਪਾਉਂਦਿਆਂ ਉਸ ਹੌਲਨਾਕ ਵਰਤਾਰੇ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਨਸ਼ੇ ਦੇ ਵਹਿਣ ਵਿੱਚ ਰੁੜ੍ਹੇ ਨੌਜਵਾਨਾਂ ਦੀਆਂ ਅਰਥੀਆਂ ਨੂੰ ਮਾਂ-ਬਾਪ ਵੱਲੋਂ ਮੋਢਾ ਦੇਣਾ ਪੈ ਰਿਹਾ ਹੈ। ਸਰਹਾਲੀ ਕਲਾਂ ਨੇ ਮਜ਼ਦੂਰ ਔਰਤਾਂ ਨੂੰ ਸੰਘਰਸ਼ ਵਿੱਚ ਕੁੱਦਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਮਾਈ ਭਾਗੋ ਦੀਆਂ ਵਾਰਿਸ ਹਨ। ਡੈਲੀਗੇਟ ਅਜਲਾਸ ਨੂੰ ਰੂੜਾ ਰਾਮ ਪਰਜੀਆਂ ਕਲਾਂ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ, ਮਜ਼ਦੂਰ ਆਗੂ ਵੀਰ ਕੁਮਾਰ, ਰੋਡਵੇਜ਼ ਕਾਮਿਆਂ ਵੱਲੋਂ ਜਸਵਿੰਦਰ ਸਿੰਘ ਜੰਡਿਆਲਾ, ਸੱਤਪਾਲ ਬੰਬੀਆਂਵਾਲ ਤੇ ਭਜਨ ਸਿੰਘ ਖੁਰਲਾਪੁਰ ਨੇ ਵੀ ਸੰਬੋਧਨ ਕੀਤਾ।
ਕਾਨਫਰੰਸ ਦੇ ਸ਼ੁਰੂ ਵਿੱਚ ਸੰਤੋਖ ਸਿੰਘ ਸੰਘੇੜਾ ਤੇ ਜੋਗਿੰਦਰ ਸਿੰਘ ਅਕਾਲਗੜ੍ਹ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਅਜਲਾਸ ਦੀ ਪ੍ਰਧਾਨਗੀ ਰੂੜਾ ਰਾਮ ਪਰਜੀਆਂ ਕਲਾਂ, ਜਗੀਰ ਸਿੰਘ ਮੁਆਈ ਅਤੇ ਸੱਤਪਾਲ ਬੰਬੀਆਂਵਾਲ ਨੇ ਕੀਤੀ।
ਇਸ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਰੂੜਾ ਰਾਮ ਨੂੰ ਸਰਪ੍ਰਸਤ, ਵੀਰ ਕੁਮਾਰ ਨੂੰ ਪ੍ਰਧਾਨ ਅਤੇ ਗਿਆਨ ਸੈਦਪੁਰੀ ਨੂੰ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਸੁਨੀਲ ਕੁਮਾਰ ਸੀਨੀਅਰ ਮੀਤ ਪ੍ਰਧਾਨ, ਪਰਵਿੰਦਰ ਫਲਪੋਤਾ ਮੀਤ ਪ੍ਰਧਾਨ, ਸੱਤਪਾਲ ਬੰਬੀਆਂਵਾਲ ਅਤੇ ਸੁਖਵਿੰਦਰ ਕੁੱਦੋਵਾਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਰਛਪਾਲ ਕੈਲੇ ਕੈਸ਼ੀਅਰ ਚੁਣੇ ਗਏ। ਇਸ ਤੋਂ ਇਲਾਵਾ 21 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ।





