ਹਰਿਆਣਾ ਦੇ ਲੋਕ ਹੁਣ ਬਦਲਾਅ ਚਾਹੁੰਦੇ : ਕੇਜਰੀਵਾਲ

0
207

ਹਿਸਾਰ (�ਿਸ਼ਨ ਗਰਗ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਹਰਿਆਣਾ ਦੇ ਭਿਵਾਨੀ ’ਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ ’ਚ ਪਹੁੰਚੇ। ਉਨ੍ਹਾ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਕੇਜਰੀਵਾਲ ਨੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ’ਤੇ ਨਿਸ਼ਾਨਾ ਲਾਇਆ। ਕੇਜਰੀਵਾਲ ਨੇ ਕਿਹਾ, ‘ਸੰਗਠਨ ’ਚ ਗੁੱਟਬਾਜ਼ੀ ਨਹੀਂ ਕਰਨਾ, ਗੁੱਟਬਾਜ਼ੀ ਨਾਲ ਵੱਡੀਆਂ-ਵੱਡੀਆਂ ਪਾਰਟੀਆਂ ਖ਼ਤਮ ਹੋ ਗਈਆਂ। ਦੇਸ਼ ’ਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਹਰਿਆਣਾ ’ਚ ਹੈ। ਮੁੱਖ ਮੰਤਰੀ ਅਤੇ ਮੰਤਰੀਆਂ ਦੀ ਬਿਜਲੀ ਫਰੀ ਹੈ ਅਤੇ ਜਨਤਾ ਬਿੱਲ ਭਰ ਰਹੀ ਹੈ। ਇੱਥੇ ਸਿਰਫ਼ ਬਿੱਲ ਆਉਂਦੇ ਹਨ, ਬਿਜਲੀ ਨਹੀਂ ਆਉਂਦੀ। ਮੈਂ ਹੈਰਾਨ ਹਾਂ, ਹਰਿਆਣਾ ’ਚ ਕਿਸਾਨਾਂ ਨੂੰ ਵੀ ਬਿੱਲ ਭਰਨੇ ਪੈ ਰਹੇ ਹਨ। 24 ਘੰਟੇ ਬਿਜਲੀ ਫਰੀ ਹੋ ਸਕਦੀ ਹੈ, ਪਰ ਇਨ੍ਹਾਂ ਦੀ ਨੀਅਤ ਠੀਕ ਨਹੀਂ। ਹਰਿਆਣਾ ਦੇ ਇੱਕ-ਇੱਕ ਘਰ ਜਾ ਕੇ ਚਾਹ ਜਾਂ ਦੁੱਧ ਪੀ ਕੇ ਆਉਣਾ ਹੈ ਅਤੇ ਉਨ੍ਹਾ ਨੂੰ ਦੱਸਣਾ ਹੈ ਕਿ ਕੇਜਰੀਵਾਲ ਹਰਿਆਣਾ ਦਾ ਹੀ ਛੋਰਾ ਹੈ। ਉਸ ਨੇ ਦਿੱਲੀ ਬਦਲ ਦਿੱਤੀ, ਹਰਿਆਣਾ ਵੀ ਬਦਲ ਦੇਣਗੇ। ਉਨ੍ਹਾ ਕਿਹਾ ਕਿ ਅਸੀਂ ਦੱਲੀ, ਪੰਜਾਬ ’ਚ ਕੰਮ ਨਾ ਕੀਤਾ ਹੋਵੇ ਤਾਂ ਵੋਟ ਨਾ ਦੇਣਾ।’
ਕੇਜਰੀਵਾਲ ਨੇ ‘ਇੱਕ ਦੇਸ਼, ਇੱਕ ਚੋਣ’ ’ਤੇ ਕੇਂਦਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਵਾਲਿਆਂ ਨੇ ਨਵਾਂ ਸ਼ਗੂਫ਼ਾ ਛੱਡਿਆ ਹੈ, ‘ਇੱਕ ਦੇਸ਼, ਇੱਕ ਚੋਣ’। ਇੱਕ ਚੋਣ ਜਾਂ 10 ਚੋਣਾਂ ਜਾਂ 12 ਚੋਣਾਂ ਨਾਲ ਸਾਨੂੰ ਕੀ ਮਿਲੇਗਾ। ਅਸੀਂ ‘ਇੱਕ ਦੇਸ਼, ਇੱਕ ਐਜੂਕੇਸ਼ਨ’ ਚਾਹੁੰਦੇ ਹਾਂ। ਸਾਰਿਆਂ ਨੂੰ ਇੱਕੋ ਤਰ੍ਹਾਂ ਦੀ ਸਿੱਖਿਆ ਮਿਲਣੀ ਚਾਹੀਦੀ ਹੈ। ਅਸੀਂ ਇੱਕ ਦੇਸ਼, ਇੱਕ ਇਲੈਕਸ਼ਨ ਨਹੀਂ ਚਾਹੁੰਦੇ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਇੱਕ ਚੋਣ ਹੋਵੇ ਜਾਂ 1000 ਚੋਣਾਂ ਹੋਣ। ਕੇਜਰੀਵਾਲ ਨੇ ਕਿਹਾ, ‘ਦੇਸ਼ ਲਈ ਕੀ ਜ਼ਰੂਰੀ ਹੈ? ਇੱਕ ਦੇਸ਼ ਇੱਕ ਚੋਣ ਜਾਂ ਇੱਕ ਰਾਸ਼ਟਰ ਇੱਕ ਸਿੱਖਿਆ (ਅਮੀਰ ਹੋਵੇ ਜਾਂ ਗਰੀਬ, ਸਾਰਿਆਂ ਨੂੰ ਇੱਕੋ ਤਰ੍ਹਾਂ ਦੀ ਚੰਗੀ ਸਿੱਖਿਆ), ਇੱਕ ਦੇਸ਼ ਇੱਕ ਇਲਾਜ (ਅਮੀਰ ਹੋਵੇ ਜਾਂ ਗਰੀਬ, ਸਾਰਿਆਂ ਨੂੰ ਇੱਕ ਤਰ੍ਹਾਂ ਦਾ ਚੰਗਾ ਇਲਾਜ)।
ਉਹਨਾ ਕਿਹਾ ਕਿ ਲੋਕ ਹਰਿਆਣਾ ਸਰਕਾਰ ਤੋਂ ਤੰਗ ਆ ਗਏ ਹਨ, ਹੁਣ ਉਹ ਬਦਲਾਅ ਚਾਹੁੰਦੇ ਹਨ। ਹਰਿਆਣਾ ’ਚ ਹਰ ਬੂਥ ’ਤੇ 10-10 ਲੋਕਾਂ ਦੀ ਕਮੇਟੀ ਬਣੇਗੀ। ਪੂਰੇ ਦੇਸ਼ ’ਚ ਆਮ ਆਦਮੀ ਪਾਰਟੀ ਦੇ 2 ਲੱਖ ਅਧਿਕਾਰੀ 15 ਅਕਤਬਰ ਤੱਕ ਬਣ ਜਾਣਗੇ, ਜਿਸ ਕੋਲ ਏਨਾ ਵੱਡਾ ਸੰਗਠਨ ਹੋਵੇਗਾ, ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕੇਗੀ। ਇਹ ਠੀਕ ਰਾਜਨੀਤੀ ਕਰਦੇ ਤਾਂ ਸਾਨੂੰ ਰਾਜਨੀਤੀ ’ਚ ਆਉਣ ਦੀ ਜ਼ਰੂਰਤ ਨਾ ਪੈਂਦੀ। ਮੈਂ ਅੰਨਾ ਹਜ਼ਾਰੇ ਨੂੰ ਕਿਹਾ ਸੀ ਕਿ ਰਾਜਨੀਤੀ ’ਚ ਬਹੁਤ ਗੰਦਗੀ ਹੈ ਤਾਂ ਸਾਨੂੰ ਝਾੜੂ ਚੁੱਕਣੀ ਪਵੇਗੀ। ਭਾਜਪਾ ਦਾ ਸਫਾਇਆ ਦੇਸ਼ ’ਚੋਂ ਇੱਕ ਦਿਨ ਆਮ ਆਦਮੀ ਪਾਰਟੀ ਹੀ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਅੱਜ ਭਾਜਪਾ ਜੁਆਇਨ ਕਰ ਲੈਣ ਤਾਂ ਇਨ੍ਹਾਂ ਦੀ ਜੇਲ੍ਹ ਮੁਆਫ ਹੋ ਜਾਵੇਗੀ, ਪਰ ਉਹ ਸ਼ੇਰ ਹਨ, ਇਸ ਤਰ੍ਹਾਂ ਨਹੀਂ ਕਰਨਗੇ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਇਸ ਨੂੰ ਰੈਲੀ ਨਾ ਸਮਝਣ, ਇਹ ਤਾਂ ਵਲੰਟੀਅਰਾਂ ਦੀ ਮੀਟਿੰਗ ਹੈ। ਅਸੀਂ ਦਿੱਲੀ ਅਤੇ ਪੰਜਾਬ ’ਚ ਜੋ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਹੈ। ਦੋਵਾਂ ਸੂਬਿਆਂ ’ਚ ਬਿਨਾਂ ਬਿੱਲ ਦੇ 24 ਘੰਟੇ ਬਿਜਲੀ ਆਉਂਦੀ ਹੈ। ਭਾਜਪਾ ਦੀ ਨੀਅਤ ਚੰਗੀ ਨਹੀਂ, ਇਹ ਲੋਕ ਦੇਸ਼ ਨੂੰ ਲੁੱਟ ਕੇ ਖਾ ਗਏ। ਇਨ੍ਹਾਂ ਦੀ ਫੈਕਟਰੀ ਹੁਣ 24 ਘੰਟੇ ਝੋਲੇ ਬਣਾਉਣ ਦਾ ਕੰਮ ਕਰਦੀ ਹੈ। ਉਹਨਾ ਕਿਹਾ ਕਿ ਪੱਤਰਕਾਰ ਹਰ ਵਾਰ ਮੈਨੂੰ ਪੁੱਛਦੇ ਹਨ ਕਿ ਕਿੰਨੀਆਂ ਸੀਟਾਂ ਆਉਣਗੀਆਂ? ਤੇ ਇਹ ਵੀ ਕਹਿੰਦੇ ਹਨ ਕਿ ‘ਆਪ’ ਨੂੰ ਸਰਵੇ ’ਚ ਤਾਂ ਸੀਟ ਨਹੀਂ ਆ ਰਹੀ! ਮੇਰਾ ਜਵਾਬ ਹੁੰਦਾ ਹੈ ਕਿ ਅਸੀਂ ਸਰਵੇ ’ਚ ਨਹੀਂ ਸਿੱਧੇ ਸਰਕਾਰ ’ਚ ਆਉਂਦੇ ਹਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 15 ਲੱਖ ਅਤੇ ਕਾਲੇ ਧਨ ’ਤੇ ਤਨਜ਼ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, ਹਰ ਗੱਲ ਜੁਮਲਾ, ਹੁਣ ਤਾਂ ਚਾਹ ਬਣਾਉਣ ’ਤੇ ਵੀ ਸ਼ੱਕ ਹੈ ਕਿ ਚਾਹ ਬਣਾਉਣੀ ਆਉਂਦੀ ਹੈ ਜਾਂ ਨਹੀਂ। ਉਹਨਾ ਕਿਹਾ ਕਿ ਭਾਜਪਾ ਹਰ ਸੰਸਥਾ ਨੂੰ ਵੇਚ ਰਹੀ ਹੈ। ਸਾਰੀਆਂ ਇੱਕ ਹੀ ਦੋਸਤ ਨੂੰ ਵੇਚੀਆਂ ਜਾ ਰਹੀਆਂ ਹਨ। ਇਹ ਹੰਕਾਰ ’ਚ ਹਨ, ਪਬਲਿਕ ਸਭ ਜਾਣਦੀ ਹੈ। ਜਨਤਾ ਨੇ ਵੱਡੇ ਵੱਡਿਆਂ ਦਾ ਹੰਕਾਰ ਤੋੜ ਦਿੱਤਾ। ਦਿੱਲੀ ਦੇ ਸਕੂਲਾਂ ’ਚ ਚੰਗਾ ਕੰਮ ਹੋਇਆ ਤਾਂ ਮਨੀਸ਼ ਸਿਸੋਦੀਆ ਨੂੰ ਜੇਲ੍ਹ ’ਚ ਸੁੱਟ ਦਿੱਤਾ। ਇਹ ਇਸ ਤਰ੍ਹਾਂ ਫੈਸਲੇ ਕਰਕੇ ‘ਆਪ’ ਨੂੰ ਰੋਕਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਇੱਕ ਦਰਿਆ ਹੈ ਤੇ ਦਰਿਆ ਆਪਣਾ ਰਸਤਾ ਖੁਦ ਬਣਾਉਂਦਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਫ੍ਰੀ ਰੇਵੜੀ ਵੰਡਣ ਦੇ ਬਿਆਨ ’ਤੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਗਰੀਬ ਲੋਕਾਂ ਦਾ ਸਹਿਯੋਗ ਕਰੀਏ ਤਾਂ ਰੇਵੜੀ, ਇਨ੍ਹਾਂ ਦਾ 15 ਲੱਖ ਦਾ ਵਾਅਦਾ ਕੀ ਸੀ? ਚੋਣਾਂ ਆ ਰਹੀਆਂ ਹਨ ਤਾਂ ਸਿਲੰਡਰ 200 ਰੁਪਏ ਸਸਤਾ ਕਰ ਦਿੱਤਾ। ਸਾਢੇ 4 ਸਾਲ ਲੁੱਟਦੇ ਹਨ ਅਤੇ 6 ਮਹੀਨੇ ਸ਼ਗਨ ਦਿੰਦੇ ਹਨ। ਉਹਨਾ ਕਿਹਾ ਕਿ ਝਾੜੂ ਦਾ ਬਟਨ ਦਬਾਉਂਦੇ ਹੀ ਕਿਸਮਤ ਬਦਲ ਜਾਵੇਗੀ। ਚੋਣਾਂ ਕੁੰਭ ਦਾ ਮੇਲਾ ਨਹੀਂ, ਚੰਗਾ ਨਾ ਲੱਗੇ ਤਾਂ ਸਾਨੂੰ ਵੀ ਬਦਲ ਦੇਣਾ।

LEAVE A REPLY

Please enter your comment!
Please enter your name here