ਨਵੀਂ ਦਿੱਲੀ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਬੇਟੇ ਅਤੇ ਮੰਤਰੀ ਉਧਯਨਿਧੀ ਸਟਾਲਿਨ ਨੇ ਸਨਾਤਨ ਧਰਮ ’ਤੇ ਵਿਵਾਦਤ ਬਿਆਨ ਦੇ ਕੇ ਸਿਆਸੀ ਪਾਰਾ ਵਧਾ ਦਿੱਤਾ ਹੈ। ਉਧਯਨਿਧੀ ਨੇ ਕਿਹਾ, ‘ਸਨਾਤਨ ਧਰਮ ਸਮਾਜਿਕ ਨਿਆਂ ਦੇ ਵਿਚਾਰ ਖਿਲਾਫ਼ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।’ ਉਧਯਨਿਧੀ ਨੇ ਸਨਾਤਨ ਧਰਮ ਦੀ ਤੁਲਨਾ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨਾਲ ਕੀਤੀ, ਜਿਸ ਤੋਂ ਬਾਅਦ ਉਸ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਸਟਾਲਿਨ ਦੇ ਬੇਟੇ ਦੇ ਬਿਆਨ ਤੋਂ ਬਾਅਦ ਰਾਜਨੀਤੀ ਸ਼ੁਰੂ ਹੋ ਗਈ ਹੈ। ਭਾਜਪਾ ਨੇਤਾਵਾਂ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਿਆ, ਜਦਕਿ ਕਾਂਗਰਸ ਨੇ ਖੁਦ ਨੂੰ ਇਸ ਬਿਆਨ ਤੋਂ ਦੂਰ ਕਰ ਲਿਆ ਹੈ। ਮਹਾਰਾਸ਼ਟਰ ਕਾਂਗਰਸ ਪ੍ਰਮੁੱਖ ਨਾਨਾ ਪਟੋਲੇ ਨੇ ਕਿਹਾ ਕਿ ਤਾਮਿਲਨਾਡੂ ਦੀ ਡੀ ਐੱਮ ਕੇ ਸਰਕਾਰ ਕਿਸੇ ਦੀਆਂ ਰਾਜਨੀਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਚ ਯਕੀਨ ਨਹੀਂ ਰੱਖਦੀ। ਉਥੇ ਹੀ ਸੁਪਰੀਮ ਕੋਰਟ ਦੇ ਇੱਕ ਵਕੀਲ ਵਨੀਤ ਜਿੰਦਲ ਨੇ ਐਤਵਾਰ ਉਧਯਨਿਧੀ ਸਟਾਲਿਨ ਦੇ ਬਿਆਨ ਖਿਲਾਫ ਦਿੱਲੀ ਵਿਖੇ ਭੜਕਾਊ ਬਿਆਨ ਦੇਣ ਦਾ ਦੋਸ਼ ਲਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਉਧਯਨਿਧੀ ਸ਼ਨੀਵਾਰ ਇੱਕ ਪ੍ਰੋਗਰਾਮ ’ਚ ਬੋਲ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾ ਕਿਹਾ, ‘ਸਨਾਤਨ ਕੀ ਹੈ। ਸਨਾਤਨ ਸ਼ਬਦ ਸੰਸ�ਿਤ ’ਚੋਂ ਆਇਆ ਹੈ। ਇਹ ਸਮਾਨਤਾ ਅਤੇ ਸਮਾਜਿਕ ਨਿਆਂ ਖਿਲਾਫ਼ ਹੈ। ਸਨਾਤਨ ਦਾ ਅਰਥ ਹੁੰਦਾ ਹੈ-ਸਥਾਈ ਮਤਲਬ ਜਿਸ ਚੀਜ਼ ਨੂੰ ਬਦਲਿਆ ਨਾ ਜਾ ਸਕੇ, ਜਿਸ ’ਤੇ ਕੋਈ ਸਵਾਲ ਖੜੇ ਨਹੀਂ ਕਰ ਸਕਦਾ।’
ਉਧਯਨਿਧੀ ਦੇ ਇਸ ਬਿਆਨ ਤੋਂ ਬਾਅਦ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਭਾਜਪਾ ਦੇ ਕਈ ਨੇਤਾਵਾਂ ਅਤੇ ਅਚਾਰੀਆ ਸਤਿੰਦਰ ਦਾਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਅਚਾਰੀਆ ਸਤਿੰਦਰ ਦਾਸ ਨੇ ਕਿਹਾ ਕਿ ਸਨਾਤਨ ਧਰਮ ਨੂੰ ਕਿਸੇ ਵੀ ਕੀਮਤ ’ਤੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਧਰਮ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਸਦੀਆ ਤੱਕ ਚਲਦਾ ਰਹੇਗਾ। ਉਨ੍ਹਾ ਕਿਹਾ ਕਿ ਉਧਯਨਿਧੀ ਨੂੰ ਸਨਾਤਨ ਦਾ ਅਸਲੀ ਮਤਲਬ ਨਹੀਂ ਪਤਾ, ਉਹ ਜੋ ਕਹਿ ਰਹੇ ਹਨ, ਉਹ ਬਿਲਕੁੱਲ ਗਲਤ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ’ਤੇ ਇੱਕ ਵਿਅਕਤੀ ਨੇ ਕਿਹਾਉਹ ਉਧਯਨਿਧੀ ਸਟਾਲਿਨ ਖਿਲਾਫ਼ ਕਾਨੂੰਨੀ ਕਦਮ ਉਠਾਉਣ ਬਾਰੇ ਵਿਚਾਰ ਕਰ ਰਹੇ ਹਨ। ਇਸ ’ਤੇ ਉਧਯਨਿਧੀ ਨੇ ਜਵਾਬ ਦਿੰਦੇ ਹੋਏ ਕਿਹਾ, ‘ਮੈਂ ਕਿਸੇ ਵੀ ਕਾਨੂੰਨੀ ਚੁਣੌਤੀ ਲਈ ਤਿਆਰ ਹਾਂ। ਅਸੀਂ ਇਸ ਤਰ੍ਹਾਂ ਦੀਆਂ ਭਗਵਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਪੇਰੀਅਰ ਅਤੇ ਅੰਨਾ ਦੇ ਫਾਲੋਵਰ ਹਾਂ।’
ਇਸ ਦੌਰਾਨ ਉਧਯਨਿਧੀ ਨੇ ਆਪਣੇ ਬਿਆਨ ’ਤੇ ਬਖੇੜਾ ਹੁੰਦਾ ਦੇਖ ਸਫਾਈ ਦਿੱਤੀ। ਉਨ੍ਹਾ ਅਮਿਤ ਮਾਲਵੀਆ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਮੈਂ ਕਦੀ ਵੀ ਸਨਾਤਨ ਧਰਮ ਦਾ ਪਾਲਣ ਕਰਨ ਵਾਲੇ ਲੋਕਾਂ ਦੇ ਕਤਲੇਆਮ ਦੀ ਗੱਲ ਨਹੀਂ ਕਹੀ। ਸਨਾਤਨ ਧਰਮ ਇੱਕ ਸਿਧਾਂਤ ਹੈ, ਜੋ ਲੋਕਾਂ ਨੂੰ ਜਾਤੀ ਅਤੇ ਧਰਮ ਦੇ ਨਾਂਅ ’ਤੇ ਵੰਡਦਾ ਹੈ। ਸਨਾਤਨ ਧਰਮ ਪੁੱਟ ਸੁੱਟਣਾ ਮਾਨਵਤਾ ਅਤੇ ਮਾਨਵ ਸਮਾਨਤਾ ਨੂੰ ਕਾਇਮ ਰੱਖਣਾ ਹੈ। ਮੈਂ ਆਪਣੇ ਕਹੇ ਹਰ ਸ਼ਬਦ ’ਤੇ ਦਿ੍ਰੜ੍ਹਤਾ ਨਾਲ ਕਾਇਮ ਹਾਂ। ਮੈਂ ਪੱਛੜੇ ਅਤੇ ਹਾਸ਼ੀਏ ’ਤੇ ਖੜੇ ਲੋਕਾਂ ਵੱਲੋਂ ਬੋਲਿਆ ਹਾਂ, ਜੋ ਸਨਾਤਨ ਧਰਮ ਕਾਰਨ ਪੀੜਤ ਹਨ।’
ਡੀ ਐੱਮ ਕੇ ਸੰਯੁਕਤ ਸਕੱਤਰ ਅਤੇ ਬੁਲਾਰੇ ਸਰਵਨਨ ਅੰਨਾਦੁਰਈ ਨੇ ਕਿਹਾ ਕਿ ਉਧਯਨਿਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਜੇ ਪ੍ਰਧਾਨ ਮੰਤਰੀ ‘ਕਾਂਗਰਸ ਮੁਕਤ ਭਾਰਤ’ ਕਹਿੰਦੇ ਹਨ ਤਾਂ ਕੀ ਉਹ ਕਤਲੇਆਮ ਦਾ ਸੱਦਾ ਦਿੰਦੇ ਹਨ।’ ਅੰਨਾਦੁਰਈ ਨੇ ਕਿਹਾ ਕਿ ਲੋਕ ਗਲਤ ਖਬਰਾਂ ਅਤੇ ਨਫ਼ਰਤ ਫੈਲਾਅ ਰਹੇ ਹਨ। ਜਦ ਅਸੀਂ ਕਹਿੰਦੇ ਹਾਂ ‘ਸਨਾਤਨ ਧਰਮ’ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਕਠੋਰ ਜਾਤੀ ਵਿਵਸਥਾ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ।





