ਅਡਾਨੀ ਬਾਰੇ ਮੋਦੀ ਦੀ ਚੁੱਪ

0
214

ਅਡਾਨੀ ਦੀਆਂ ਕੰਪਨੀਆਂ ਬਾਰੇ ਹਿੰਡਨਬਰਗ ਰਿਪੋਰਟ ਤੋਂ ਬਾਅਦ ਖੋਜੀ ਪੱਤਰਕਾਰਾਂ ਦੀ ਜਥੇਬੰਦੀ ਆਰਗੇਨਾਈਜ਼ਡ ਕਰਾਈਮ ਕੁਰੱਪਸ਼ਨ ਰਿਪੋਰਟਿੰਗ ਪ੍ਰੋਜੈਕਟ ਨੇ ਖੁਲਾਸਾ ਕੀਤਾ ਹੈ ਕਿ ਗੌਤਮ ਅਡਾਨੀ ਨੇ ਆਪਣੀਆਂ ਕੰਪਨੀਆਂ ਵਿੱਚ ਕਾਲਾ ਧਨ ਲਗਾ ਕੇ ਵੱਡਾ ਘੁਟਾਲਾ ਕੀਤਾ ਹੈ। ਦੋ ਕੌਮਾਂਤਰੀ ਅਖਬਾਰਾਂ ‘ਗਾਰਡੀਅਨ’ ਤੇ ‘ਫਾਈਨੈਂਸ਼ੀਅਲ ਟਾਈਮਜ਼’ ਨੇ ਕਿਹਾ ਹੈ ਕਿ ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ ਦੀਆਂ ਵਿਦੇਸ਼ੀ ਕੰਪਨੀਆਂ ਨਾਲ ਜੁੜੇ ਦੋ ਵਿਅਕਤੀਆਂ ਨੇ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ ਕੀਤਾ ਸੀ। ਇਹ ਦੋ ਵਿਅਕਤੀ ਸੰਯੁਕਤ ਅਰਬ ਅਮੀਰਾਤ ਦਾ ਨਾਗਰਿਕ ਨਾਸਿਰ ਅਲੀ ਸ਼ਾਬਾਨ ਅਲੀ ਤੇ ਤਾਇਵਾਨ ਦਾ ਨਾਗਰਿਕ ਚਾਂਗ ਚੁੰਗ �ਿਗ ਹਨ। ਇਹ ਦੋਵੇਂ ਵਿਨੋਦ ਅਡਾਨੀ ਦੇ ਸਹਿਯੋਗੀ ਹਨ।
ਡਾਇਰੈਕਟੋਰੇਟ ਆਫ਼ ਰੈਵਨਿਊ ਇੰਟੈਲੀਜੈਂਸ ਨੇ ਸਤੰਬਰ 2014 ਵਿੱਚ ਹੀ ਸੇਬੀ ਨੂੰ ਸ਼ਿਕਾਇਤ ਕੀਤੀ ਸੀ ਕਿ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਗੜਬੜ ਹੋ ਰਹੀ ਹੈ, ਪਰ ਸੇਬੀ ਨੇ ਜਾਂਚ ਕਰਨ ਦੀ ਖੇਚਲ ਨਾ ਕੀਤੀ। ਇਸ ਤਰ੍ਹਾਂ ਇਹ ਘੁਟਾਲਾ ਲਗਾਤਾਰ ਚਲਦਾ ਰਿਹਾ। ਸੇਬੀ ਨੇ ਸੁਪਰੀਮ ਕੋਰਟ ਵਿੱਚ ਵੀ ਗਲਤ ਬਿਆਨੀ ਕਰਕੇ ਅਡਾਨੀ ਵੱਲੋਂ ਕੀਤੀ ਜਾ ਰਹੀ ਲੁੱਟ ਉੱਤੇ ਪਰਦਾ ਪਾਇਆ ਹੈ। ਦੇਸ਼ ਦੀਆਂ ਵਿਰੋਧੀ ਪਾਰਟੀਆਂ ਤੇ ਨਾਗਰਿਕ ਸਮਾਜ ਦੇ ਲੋਕ ਲਗਾਤਾਰ ਮੰਗ ਕਰਦੇ ਰਹੇ ਹਨ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਾਈ ਜਾਵੇ, ਪਰ ਸਰਕਾਰ ਅਡਾਨੀ ਉੱਤੇ ਮਿਹਰਬਾਨ ਹੋਣ ਕਰਕੇ ਇਸ ਮੰਗ ਨੂੰ ਅਣਸੁਣਿਆ ਕਰਦੀ ਆ ਰਹੀ ਹੈ।
ਓ ਸੀ ਸੀ ਆਰ ਪੀ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਉਕਤ ਦੋਵਾਂ ਵਿਅਕਤੀਆਂ ਨੇ ਬਰਮੂਡਾ ਤੇ ਮਾਰੀਸ਼ਸ਼ ਸਥਿਤ ਕੁਝ ਨਾਮਨਿਹਾਦ ਕੰਪਨੀਆਂ ਰਾਹੀਂ ਅਡਾਨੀਆਂ ਦੀਆਂ ਕੰਪਨੀਆਂ ਵਿੱਚ ਕਰੋੜਾਂ ਡਾਲਰਾਂ ਦਾ ਨਿਵੇਸ਼ ਕੀਤਾ ਸੀ। ਰਿਪੋਰਟ ਮੁਤਾਬਕ ਇਹ ਸਾਰਾ ਧਨ ਅਗਿਆਤ ਸਰੋਤਾਂ ਤੋਂ ਆਇਆ ਕਾਲਾ ਧਨ ਸੀ।
ਵਿਰੋਧੀ ਪਾਰਟੀਆਂ ਦੇ ਆਗੂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਤੇ ਰਾਹੁਲ ਗਾਂਧੀ ਇਸ ਮਾਮਲੇ ਨੂੰ ਲਗਾਤਾਰ ਉਠਾਉਂਦੇ ਰਹੇ ਹਨ। ਰਾਹੁਲ ਗਾਂਧੀ ਨੂੰ ਤਾਂ ਸੰਸਦ ਵਿੱਚ ਇਹ ਮਸਲਾ ਉਠਾਉਣ ਉਤੇ ਆਪਣੀ ਸੰਸਦ ਮੈਂਬਰੀ ਤੱਕ ਗੁਆਉਣੀ ਪਈ ਸੀ। ‘ਇੰਡੀਆ’ ਗੱਠਜੋੜ ਦੀ ਮੁੰਬਈ ਮੀਟਿੰਗ ਮੌਕੇ ਵੀ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਲਾ ਕੇ ਮੰਗ ਕੀਤੀ ਸੀ ਕਿ ਅਡਾਨੀ ਸਮੂਹ ਬਾਰੇ ਆਈ ਤਾਜ਼ਾ ਰਿਪੋਰਟ ਤੋਂ ਬਾਅਦ ਇਸ ਘੁਟਾਲੇ ਦੀ ਜੇ ਪੀ ਸੀ ਤੋਂ ਜਾਂਚ ਕਰਾਈ ਜਾਣੀ ਚਾਹੀਦੀ ਹੈ।
ਰਾਹੁਲ ਨੇ ਕਿਹਾ ਕਿ ਦੁਨੀਆ ਦੇ ਦੋ ਫਾਇਨੈਂਸ਼ੀਅਲ ਅਖ਼ਬਾਰਾਂ ਨੇ ਲਿਖਿਆ ਹੈ ਕਿ ਇੱਕ ਪਰਵਾਰ, ਜੋ ਮੋਦੀ ਦੇ ਕਾਫ਼ੀ ਕਰੀਬ ਹੈ, ਉਸ ਨੇ ਆਪਣੇ ਖੁਦ ਦੇ ਸ਼ੇਅਰ ਅੰਦਰਖਾਤੇ ਖਰੀਦ ਕੇ ਫਿਰ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕੀਤਾ। ਅਰਬਾਂ ਡਾਲਰ ਅਡਾਨੀ ਦੀਆਂ ਕੰਪਨੀਆਂ ਦੇ ਨੈੱਟਵਰਕ ਰਾਹੀਂ ਵੱਖ-ਵੱਖ ਦੇਸ਼ਾਂ ਵਿੱਚ ਗਿਆ ਤੇ ਫਿਰ ਵਾਪਸ ਆਇਆ। ਫਿਰ ਇਸ ਪੈਸੇ ਰਾਹੀਂ ਅਡਾਨੀ ਨੇ ਆਪਣੇ ਸ਼ੇਅਰਾਂ ਦੀ ਕੀਮਤ ਵਧਾਈ ਤੇ ਹੁਣ ਉਹ ਭਾਰਤ ਦੇ ਸਰਕਾਰੀ ਅਦਾਰਿਆਂ ਨੂੰ ਖਰੀਦ ਰਹੇ ਹਨ।
ਇਸ ਲਈ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਹ ਪੈਸਾ ਕਿਸ ਦਾ ਹੈ? ਇਹ ਅਡਾਨੀ ਦਾ ਹੈ ਜਾਂ ਕਿਸੇ ਹੋਰ ਦਾ? ਜੇ ਕਿਸੇ ਹੋਰ ਦਾ ਹੈ ਤਾਂ ਕਿਸ ਦਾ? ਇਸ ਸਾਰੇ ਗੋਰਖਧੰਦੇ ਦਾ ਮਾਸਟਰ ਮਾਈਂਡ ਗੌਤਮ ਅਡਾਨੀ ਦਾ ਭਰਾ ਵਿਨੋਦ ਅਡਾਨੀ ਹੈ। ਸੇਬੀ ਵੱਲੋਂ ਕੀਤੀ ਗਈ ਜਾਂਚ ਵਿੱਚ ਜਿਸ ਵਿਅਕਤੀ ਨੇ ਅਡਾਨੀ ਨੂੰ ਕਲੀਨ ਚਿੱਟ ਦਿੱਤੀ ਸੀ, ਉਸ ਨੂੰ ਅਡਾਨੀ ਦੇ ਚੈਨਲ ਐੱਨ ਡੀ ਟੀ ਵੀ ਦਾ ਡਾਇਰੈਕਟਰ ਬਣਾ ਦਿੱਤਾ ਗਿਆ ਹੈ, ਪਰ ਸਵਾਲਾਂ ਦਾ ਸਵਾਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਦੀਆਂ ਧੋਖਾਦੇਹੀਆਂ ਬਾਰੇ ਚੁੱਪ ਕਿਉਂ ਹਨ? ਸੀ ਬੀ ਆਈ ਤੇ ਈ ਡੀ ਵਰਗੀਆਂ ਏਜੰਸੀਆਂ ਨੂੰ ਅਡਾਨੀ ਦੀ ਜਾਂਚ ਕਰਨ ਲਈ ਕਿਉਂ ਨਹੀਂ ਕਿਹਾ ਜਾਂਦਾ?
ਮੋਦੀ ਦੀ ਚੁੱਪ ਤੋਂ ਤਾਂ ਇਹੋ ਲੱਗਦਾ ਕਿ ‘ਫਕੀਰ’ ਦੇ ਝੋਲੇ ਵਿੱਚ ਵੀ ਲੁੱਟ ਦਾ ਕੁਝ ਹਿੱਸਾ ਤਾਂ ਜ਼ਰੂਰ ਹੋਵੇਗਾ।

LEAVE A REPLY

Please enter your comment!
Please enter your name here