ਨਵੀਂ ਦਿੱਲੀ : ਡੀ ਐੱਮ ਕੇ ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਆਪਣੀ ਪਾਡਕਾਸਟ ਸੀਰੀਜ਼ ਦੇ ਪਹਿਲੇ ਭਾਗ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ’ਤੇ ਹਮਲਾ ਬੋਲਿਆ। ਸੋਮਵਾਰ ਸਵੇਰੇ ਚਾਰ ਵੱਖ-ਵੱਖ ਭਾਸ਼ਾਵਾਂ ਮਲਿਆਲਮ, ਤਮਿਲ, ਤੇਲਗੂ, ਕੰਨੜ ਅਤੇ ਹਿੰਦੀ ’ਚ ਜਾਰੀ ਕੀਤੇ ਗਏ ਆਪਣੇ ਪਹਿਲੇ ਪਾਡਕਾਸਟ ਭਾਗ ‘ਸਪੀਕਿੰਗ ਫਾਰ ਇੰਡੀਆ’ ’ਚ ਸਟਾਲਿਨ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਆਪਣੇ ਪਿਛਲੇ ਨੌਂ ਸਾਲਾਂ ਦੇ ਕਾਰਜਕਾਲ ’ਚ ਸਮਾਜਕ ਕਲਿਆਣ ਦੇ ਸੰਬੰਧ ’ਚ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਤਾਮਿਲ ਮੁੱਖ ਮੰਤਰੀ ਨੇ ਭਾਜਪਾ ’ਤੇ ਚਾਰੇ ਪਾਸਿਓਂ ਹਮਲਾ ਬੋਲਦੇ ਹੋਏ ਕਿਹਾ, ‘ਵਾਅਦਿਆਂ ਮੁਤਾਬਕ ਸਾਰੇ ਨਾਗਰਿਕਾਂ ਦੇ ਖਾਤਿਆਂ ’ਚ 15-15 ਲੱਖ ਰੁਪਏ ਜਮ੍ਹਾਂ ਨਹੀਂ ਕੀਤੇ ਗਏ, ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ, ਪ੍ਰਤੀ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਗਿਆ, ਪਰ ਇਸ ਤਰ੍ਹਾਂ ਨਹੀਂ ਹੋਇਆ।’ ਇਸ ਦੇ ਜਵਾਬ ’ਚ ਭਾਜਪਾ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨੇ ਕਦੀ ਵਾਅਦਾ ਨਹੀਂ ਕੀਤਾ ਸੀ ਕਿ ਸਾਰਿਆਂ ਦੇ ਖਾਤਿਆਂ ’ਚ 15 ਲੱਖ ਆਉਣਗੇ।’
ਸਟਾਲਿਨ ਨੇ ਉੱਤਰ-ਪੂਰਬੀ ਸੂਬੇ ਮਨੀਪੁਰ ’ਚ ਵੱਡੇ ਪੈਮਾਨੇ ’ਤੇ ਹੋਈ ਜਾਤੀ ਹਿੰਸਾ ਅਤੇ ਹਾਲ ਹੀ ’ਚ ਹਰਿਆਣਾ ਦੇ ਮੇਵਾਤ ’ਚ ਇੱਕ ਧਾਰਮਕ ਜਲੂਸ ’ਤੇ ਹਮਲੇ ਤੋਂ ਬਾਅਦ ਹੋਈ ਸੰਪ੍ਰਦਾਇਕ ਹਿੰਸਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ‘ਇੰਡੀਆ’ ਗਠਜੋੜ ਨਾ ਜਿੱਤਿਆ, ਤਾਂ ਪੂਰਾ ਭਾਰਤ ਮਨੀਪੁਰ ਅਤੇ ਹਰਿਆਣਾ ਬਣਾ ਦਿੱਤਾ ਜਾਵੇਗਾ। ਇਸ ਲਈ ਪੂਰੇ ਭਾਰਤ ਨੂੰ ਮਨੀਪੁਰ ਅਤੇ ਹਰਿਆਣਾ ਬਣਨ ਤੋਂ ਰੋਕਣ ਲਈ ‘ਇੰਡੀਆ’ ਗਠਜੋੜ ਨੂੰ ਜਿਤਾਉਣਾ ਹੋਵੇਗਾ। ਸਟਾਲਿਨ ਨੇ ਕਿਹਾ ਕਿ ਏਅਰ ਇੰਡੀਆ ਨੂੰ ਵੇਚਣ ਵਰਗੇ ਵੱਡੇ-ਵੱਡੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਭਾਜਪਾ ਸੰਪ੍ਰਦਾਇਕਤਾ ਦਾ ਸਹਾਰਾ ਲੈਂਦੀ ਹੈ। ਉਨ੍ਹਾ ਕਿਹਾ ਕਿ ਦੇਸ਼ ਭਰ ਦੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਨੂੰ ਉਨ੍ਹਾਂ ਨਿੱਜੀ ਵਪਾਰੀਆਂ ਨੂੰ ਵੇਚ ਦਿੱਤਾ, ਜੋ ਭਾਜਪਾ ਦੇ ਕਰੀਬੀ ਹਨ।
ਡੀ ਐੱਮ ਕੇ ਪ੍ਰਮੁੱਖ ਨੇ 2002 ਦੇ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ 2002 ’ਚ ਗੁਜਰਾਤ ’ਚ ਬੀਜੀ ਗਈ ਨਫ਼ਰਤ ਦਾ ਨਤੀਜਾ 2023 ’ਚ ਮਨੀਪੁਰ ਅਤੇ ਹਰਿਆਣਾ ਹਿੰਸਾ ’ਚ ਨਿਕਲਿਆ। ਸਟਾਲਿਨ ਨੇ ਗੰਭੀਰ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਇਸ ਨੂੰ ਹੁਣੇ ਨਾ ਰੋਕਿਆ ਤਾਂ ਭਾਰਤ ਨੂੰ ਕੋਈ ਨਹੀਂ ਬਚਾਅ ਸਕਦਾ।




