ਨਵੀਂ ਦਿੱਲੀ : ਸੰਸਦ ਦੇ ਪੰਜ ਦਿਨਾ ਵਿਸ਼ੇਸ਼ ਸੈਸ਼ਨ ਅਤੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਐਕਸ਼ਨ ਮੋਡ ’ਚ ਨਜ਼ਰ ਆ ਰਹੀ ਹੈ। ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਆਪਣੀ ਨਵੀਂ ਟੀਮ ਕਾਂਗਰਸ ਵਰਕਿੰਗ ਕਮੇਟੀ (ਸੀ ਡਬਲਯੂ ਸੀ) ਦੀ ਪਹਿਲੀ ਮੀਟਿੰਗ ਹੈਦਰਾਬਾਦ ’ਚ ਕਰਨ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਮੀਟਿੰਗ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਹੋ ਰਹੀ ਹੈ। ਖੜਗੇ ਨੇ ਅਗਾਮੀ 16 ਸਤੰਬਰ ਨੂੰ ਹੈਦਰਾਬਾਦ ’ਚ ਸੀ ਡਬਲਯੂ ਸੀ ਦੀ ਮੀਟਿੰਗ ਬੁਲਾਈ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾ ਪੱਤਰਕਾਰਾਂ ਨੂੰ ਕਿਹਾਕਾਂਗਰਸ ਪ੍ਰਧਾਨ ਨੇ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ 16 ਸਤੰਬਰ ਨੂੰ ਹੈਦਰਾਬਾਦ ’ਚ ਬੁਲਾਈ ਹੈ। ਇਸ ਤੋਂ ਅਗਲੇ ਦਿਨ 17 ਸਤੰਬਰ ਨੂੰ ਵਿਸਥਾਰਿਤ ਕਾਰਜ ਕਮੇਟੀ ਦੀ ਮੀਟਿੰਗ ਹੋਵੇਗੀ। ਵੇਣੂਗੋਪਾਲ ਨੇ ਦੱਸਿਆ ਕਿ 17 ਸਤੰਬਰ ਦੀ ਸ਼ਾਮ ਹੈਦਰਾਬਾਦ ’ਚ ਇੱਕ ਵਿਸ਼ਾਲ ਰੈਲੀ ਹੋਵੇਗੀ। ਉਨ੍ਹਾ ਕਿਹਾ ਕਿ ਤੇਲੰਗਾਨਾ ਰਾਸ਼ਟਰੀ ਏਕਤਾ ਦਿਵਸ ਦੇ ਇਤਿਹਾਸਕ ਮੌਕੇ ’ਤੇ ਅਸੀਂ ਹੈਦਰਾਬਾਦ ਕੋਲ ਇੱਕ ਵਿਸ਼ਾਲ ਰੈਲੀ ਕਰਾਂਗੇ, ਜਿੱਥੇ ਅਸੀਂ ਤੇਲੰਗਾਨਾ ਲਈ 5 ਗਰੰਟੀਆਂ ਦਾ ਵਿਸ਼ੇਸ਼ ਐਲਾਨ ਕਰਾਂਗੇ।
ਰੈਲੀ ਤੋਂ ਬਾਅਦ ਕਾਂਗਰਸ ਪ੍ਰਧਾਨ ਵਰਕਿੰਗ ਕਮੇਟੀ ਦੇ ਸਾਰੇ ਮੈਂਬਰਾਂ, ਨੇਤਾਵਾਂ, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਮੁੱਖ ਅਤੇ ਵਿਧਾਇਕ ਦਲ ਦੇ ਨੇਤਾਵਾਂ ਦੇ ਕਾਫ਼ਲੇ ਨੂੰ ਤੇਲੰਗਾਨਾ ਦੇ 119 ਵਿਧਾਨ ਸਭਾ ਖੇਤਰਾਂ ਦਾ ਦੌਰਾ ਕਰਨ ਲਈ ਹਰੀ ਝੰਡੀ ਦਿਖਾਉਣਗੇ। ਉਨ੍ਹਾ ਕਿਹਾ ਕਿ 18 ਸਤੰਬਰ ਨੂੰ ਮੌਜੂਦਾ ਸਾਂਸਦਾਂ ਤੋਂ ਇਲਾਵਾ ਸਾਰੇ ਨੇਤਾ, ਵਰਕਰ ਮੀਟਿੰਗ ਕਰਨਗੇ ਅਤੇ ਸਵੇਰੇ ਘਰ-ਘਰ ਜਾ ਕੇ ਬੀ ਆਰ ਐੱਸ ਸਰਕਾਰ ਖਿਲਾਫ਼ ਦੋਸ਼ ਪੱਤਰ ਵੰਡਣਗੇ।
ਕਾਂਗਰਸ ਨੇ ਬੀਤੀ 20 ਅਗਸਤ ਨੂੰ ਆਪਣੀ ਨਵੀਂ ਵਰਕਿੰਗ ਕਮੇਟੀ ਦਾ ਗਠਨ ਕੀਤਾ ਸੀ, ਜਿਸ ’ਚ ਪਾਰਟੀ ਪ੍ਰਧਾਨ ਖੜਗੇ ਦੇ ਨਾਲ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਨੇਤਾ ਸ਼ਾਮਲ ਹਨ।




