ਮੋਗਾ/ਸ਼ਾਹਕੋਟ (ਗਿਆਨ ਸੈਦਪੁਰੀ)
ਕਾਮਰੇਡ ਦਵਿੰਦਰ ਸਿੰਘ ਸੰਧੂ ਨੂੰ ਵੱਖ-ਵੱਖ ਆਗੂਆਂ ਨੇ ਭਰਪੂਰ ਸਰਧਾਂਜਲੀਆਂ ਭੇਟ ਕੀਤੀਆਂ। ਉਹ ਲੰਘੀ 25 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾ ਦੇ ਗ੍ਰਹਿ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਗੁਰਦਵਾਰਾ ਬੀਬੀ ਕਾਹਨ ਕੌਰ ਮੋਗਾ ’ਚ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਉਪਰੰਤ ਸਰਧਾਂਜਲੀ ਸਮਾਗਮ ਹੋਇਆ।
ਨਾਮਵਰ ਪੱਤਰਕਾਰ ਅਤੇ ਵਿਸ਼ਲੇਸ਼ਕ ਜਤਿੰਦਰ ਪਨੰੂ ਨੇ 47 ਸਾਲ ਦੀਆਂ ਸਾਂਝਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਮੈਂ ਜਿਨ੍ਹਾਂ ਕੋਲੋਂ ਕੁਝ ਸਿੱਖਿਆ, ਕਾਮਰੇਡ ਦਵਿੰਦਰ ਸਿੰਘ ਸੰਧੂ ਉਹਨਾਂ ’ਚੋਂ ਇੱਕ ਸਨ। ਸੰਧੂ ਹੁਰਾਂ ਤਾ-ਜ਼ਿੰਦਗੀ ਸਮੁੱਚੇ ਸਮਾਜ ਦੇ ਫਿਕਰਾਂ ਦੀ ਬਾਂਹ ਫੜੀ ਰੱਖੀ। ਉਹ ਜਾਣਦੇ ਸਨ ਕਿ ਦੇਸ਼ ਨਾਲੋਂ ਵੱਧ ਪਿਆਰੇ ਇਸ ਦੇ ਲੋਕ ਹੁੰਦੇ ਹਨ। ਇਸ ਸਮਝ ਅਨੁਸਾਰ ਉਹ ਹਰ ਪਲ ਲੋਕਾਂ ਨੂੰ ਸਮਰਪਿਤ ਰਹੇ। ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਪਣੇ ਯੁੱਧ ਸਾਥੀ ਰਹੇ ਸੰਧੂ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਾਣਾ ਤਾਂ ਸਭ ਨੇ ਹੈ, ਪਰ ਕੁਝ ਲੋਕ ਦਵਿੰਦਰ ਸਿੰਘ ਵਰਗੇ ਹੁੰਦੇ ਹਨ, ਜੋ ਸਮਾਜ ’ਚ ਸਦੀਵੀ ਪੈੜਾਂ ਪਾ ਜਾਂਦੇ ਹਨ। ਉਨ੍ਹਾ ਕਿਹਾ ਕਿ ਸੰਧੂ ਸੰਘਰਸ਼ ਦੌਰਾਨ ਕਦੇ ਵੀ ਡੋਲੇ ਨਹੀਂ। ਉਹਨਾ ਦਵਿੰਦਰ ਸਿੰਘ ਦੇ ਤੁਰ ਜਾਣ ਵੇਲੇ ਮੁਲਕ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਕਮਾਂ ਨੇ ਸੰਘੀ ਢਾਂਚਾ ਤਬਾਹ ਕਰ ਦਿੱਤਾ ਹੈ। ਫਿਰਕਾਪ੍ਰਸਤੀ ਪੂਰੇ ਦੇਸ਼ ’ਚ ਫੈਲਾਅ ਦਿੱਤੀ ਗਈ ਹੈ। ਇਹੋ ਜਿਹੇ ਸਮਿਆਂ ’ਚ ਦਵਿੰਦਰ ਸਿੰਘ ਵਰਗੇ ਧਰਤੀ ਪੁੱਤਰਾਂ ਦੀ ਬੜੀ ਲੋੜ ਹੁੰਦੀ ਹੈ। ਐਪਸੋ ਦੇ ਆਗੂ ਡਾਕਟਰ ਪਵਨ ਕੁਮਾਰ ਥਾਪਰ ਨੇ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਐਡਵੋਕੇਟ ਦਵਿੰਦਰ ਸਿੰਘ ਸੰਧੂ ਸੰਘਰਸ਼ ਦੀ ਗੁੜ੍ਹਤੀ ਲੈ ਕੇ ਪੈਦਾ ਹੋਏ, ਜਵਾਨੀ ਲੋਕਾਂ ਦੇ ਲੇਖੇ ਲਾ ਦਿੱਤੀ ਤੇ ਆਖਰੀ ਸਾਹ ਲੈਣ ਤੱਕ ਸੰਘਰਸ਼ ਦੇ ਪਾਂਧੀ ਰਹੇ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੂਰਤ ਸਿੰਘ ਧਰਮਕੋਟ ਨੇ ਭਾਵਭਿੰਨੀ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦਵਿੰਦਰ ਸਿੰਘ ਸੰਧੂ ਸਾਰੀ ਉਮਰ ਚੈਲਿੰਜ ਕਬੂਲਦੇ ਰਹੇ, ਉਹ ਵੀ ਖਿੜੇ ਮੱਥੇ। ਗੁਰਮੀਤ ਜੱਜ ਨੇ ਦਵਿੰਦਰ ਸਿੰਘ ਸੰਧੂ ਬਾਰੇ ਇੱਕ ਕਵਿਤਾ ਪੜ੍ਹੀ। ਇਹ ਕਵਿਤਾ ਦਵਿੰਦਰ ਸਿੰਘ ਸੰਧੂ ਦੀ ਲੋਕ-ਪੱਖੀ ਜ਼ਿੰਦਗੀ ਦਾ ਝਲਕਾਰਾ ਪੇਸ਼ ਕਰ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਮੋਗਾ ਤੇ ਜ਼ੀਰਾ, ਨੰਬਰਦਾਰ ਯੂਨੀਅਨ, ਹਰਦੀਪ ਸਿੰਘ ਲੋਧੀ ਅਤੇ ਡਾਕਟਰ ਇੰਦਰਬੀਰ ਆਦਿ ਦੇ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਪਰਵਾਰ ਵੱਲੋਂ ਐਪਸੋ, ਕੁੱਲ ਹਿੰਦ ਕਿਸਾਨ ਸਭਾ, ਬੀਰ ਭਵਨ ਧਰਮਕੋਟ ਅਤੇ ਕੁਝ ਹੋਰ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਭੇਟ ਕੀਤੀ। ਅੰਤ ’ਚ ਦਵਿੰਦਰ ਸਿੰਘ ਸੰਧੂ ਦੀ ਧੀ ਸਪਨਦੀਪ ਅਤੇ ਪੁੱਤਰ ਅਮਨਦੀਪ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਾਪ ਨੇ ਜਿੰਨਾ ਪਰਵਾਰ ਦਾ ਸਮਾਜ ’ਚ ਮਾਣ ਵਧਾਇਆ, ਉਸ ਦਾ ਲੇਖਾ ਇੱਕ ਜਨਮ ’ਚ ਨਹੀਂ ਮੋੜਿਆ ਜਾ ਸਕਦਾ। ਉਨ੍ਹਾਂ ਆਪਣੇ ਪਿਤਾ ਦੀਆਂ ਯਾਦਾ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਅਕਸਰ ਕਿਹਾ ਕਰਦੇ ਸਨ ਕਿ ਲੋਕ ਹੱਕਾਂ ਲਈ ਲੜਾਈ ਕਲਮ ਨਾਲ ਵੀ ਲੜੀ ਜਾਂਦੀ ਹੈ। ਇਸ ਮੌਕੇ ਦਵਿੰਦਰ ਸਿੰਘ ਸੰਧੂ ਦਾ ਹਰਮਨ-ਪਿਆਰਾ ਗੀਤ, ‘ਉਹ ਸਵੇਰਾ ਆ ਗਿਆ ਹਨੇਰਿਆਂ ਨੂੰ ਚੀਰਦਾ’ ਉਨ੍ਹਾਂ ਆਪਣੀ ਆਵਾਜ਼ ’ਚ ਸੁਣਾਇਆ। ਸਰਧਾਂਜਲੀ ਸਮਾਗਮ ’ਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਸ਼ਾਮਲ ਸਨ।