26.8 C
Jalandhar
Tuesday, August 16, 2022
spot_img

ਪੰਜਾਬੀ ਲਾਗੂ ਕਰਾਉਣ ਲਈ ਚੰਡੀਗੜ੍ਹ ਦੇ ਪੰਜਾਬੀ ਪਿਆਰਿਆਂ ਵੱਲੋਂ ਧਰਨਾ

ਚੰਡੀਗੜ੍ਹ : ਚੰਡੀਗੜ੍ਹ ਪੰਜਾਬੀ ਮੰਚ ਦੇ ਵਿਸ਼ੇਸ਼ ਉੱਦਮਾਂ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪੇਂਡੂ ਸੰਘਰਸ਼ ਕਮੇਟੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁੱਕਰਵਾਰ ਇਕ ਰੋਸ ਧਰਨਾ ਬਰਿੱਜ ਮਾਰਕੀਟ ਚੰਡੀਗੜ੍ਹ ਵਿਖੇ ਦਿੱਤਾ ਗਿਆ | ਧਰਨੇ ਨੂੰ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁਖਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ, ਗੁਰਨਾਮ ਸਿੰਘ ਸਿੱਧੂ, ਬਾਬਾ ਗੁਰਦਿਆਲ ਸਿੰਘ, ਸਿਰੀ ਰਾਮ ਅਰਸ਼, ਕਰਮ ਸਿੰਘ ਵਕੀਲ, ਬਲਕਾਰ ਸਿੱਧੂ, ਗੁਰਪ੍ਰੀਤ ਸਿੰਘ ਸੋਮਲ, ਜਸਵਿੰਦਰ ਕੌਰ ਬਹਿਲਾਣਾ, ਚੌਧਰੀ ਕਿਸ਼ੋਰੀ ਲਾਲ ਅਤੇ ਸ਼ਰਨਜੀਤ ਸਿੰਘ ਬੈਦਵਾਣ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਨਵੰਬਰ 1966 ਸਮੇਂ ਪੁਆਧ ਖੇਤਰ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ | ਉਸ ਸਮੇਂ ਇਸ ਇਲਾਕੇ ਦੀ ਆਮ ਜਨ-ਸੰਖਿਆ ਪੰਜਾਬੀ ਬੋਲਦੀ ਸੀ, ਪਰ ਸਰਕਾਰੀ ਤੰਤਰ ਨੇ ਆਪ-ਹੁਦਰੀ ਕਰਕੇ ਕੁਝ ਸਮੇਂ ਵਿੱਚ ਹੀ ਚੰਡੀਗੜ੍ਹ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਕਰ ਦਿੱਤੀ | ਅਫ਼ਸੋਸ ਕਿ ਚੰਡੀਗੜ੍ਹ ਵਾਸੀਆਂ ਨਾਲ ਇਹ ਧੱਕਾ ਅੱਜ ਵੀ ਜਾਰੀ ਹੈ, ਜਦਕਿ ਸਾਰੇ ਭਾਰਤ ਵਿਚ 22 ਭਾਸ਼ਾਵਾਂ ਸਰਕਾਰੀ ਮਾਨਤਾ ਪ੍ਰਾਪਤ ਹਨ, ਜਿਨ੍ਹਾਂ ਵਿੱਚ ਪੰਜਾਬੀ ਤਾਂ ਇੱਕ ਭਾਸ਼ਾ ਹੈ, ਪਰ ਅੰਗਰੇਜ਼ੀ ਉਨ੍ਹਾਂ ਭਾਸ਼ਾਵਾਂ ਵਿੱਚੋਂ ਇਕ ਨਹੀਂ | ਅੰਗਰੇਜ਼ੀ ਕਿਸੇ ਵੀ ਭਾਰਤੀ ਸੂਬੇ ਜਾਂ ਕੇਂਦਰੀ ਸਾਸ਼ਤ ਪ੍ਰਦੇਸ਼ ਦੀ ਦਫ਼ਤਰੀ ਭਾਸ਼ਾ ਨਹੀਂ | ਇਸ ਧੱਕੇ ਖਿਲਾਫ਼ ਲੇਖਕਾਂ ਦਾ ਕੌਮਾਂਤਰੀ ਅਦਾਰਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਚੰਡੀਗੜ੍ਹ ਪੰਜਾਬੀ ਮੰਚ ਲਗਾਤਾਰ ਲੜ ਰਹੇ ਹਨ | ਬੁਲਾਰਿਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਚੰਡੀਗੜ੍ਹ ਦੇ ਸਾਰੇ ਦਫ਼ਤਰਾਂ ਵਿੱਚ ਪੰਜਾਬੀ ਪਹਿਲੀ ਭਾਸ਼ਾ ਵਜੋਂ ਅਪਣਾਈ ਜਾਵੇ | ਸਾਰੇ ਦਫ਼ਤਰਾਂ ਅਤੇ ਅਫ਼ਸਰਾਂ ਦੀਆਂ ਨਾਂਅ ਤਖਤੀਆਂ ਪੰਜਾਬੀ ਵਿਚ ਲਿਖੀਆਂ ਜਾਣ | ਚੰਡੀਗੜ੍ਹ ਦੇ ਸਾਰੇ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਪਹਿਲੇ ਵਿਸ਼ੇ ਵਜੋਂ ਪੜ੍ਹਾਈ ਜਾਵੇ | ਚੰਡੀਗੜ੍ਹ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਲੋੜੀਂਦਾ ਬੰਦੋਬਸਤ ਕੀਤਾ ਜਾਵੇ | ਪੰਜਾਬੀ ਵਿਰੋਧੀ ਅਧਿਆਪਕਾਂ ਅਤੇ ਵਿਦਿਅਕ ਅਦਾਰਿਆਂ ਖ਼ਿਲਾਫ਼ ਫੌਰੀ ਤੌਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਬੱਚੇ ਅਤੇ ਮਾਪੇ ਪੰਜਾਬੀ ਪੜ੍ਹਨ/ਪੜ੍ਹਾਉਣ ਵਿਚ ਹੋਰ ਦਿਲਚਸਪੀ ਲੈ ਸਕਣ | ਉਪਰੋਕਤ ਤੋਂ ਇਲਾਵਾ ਜੋਗਿੰਦਰ ਸਿੰਘ, ਸ਼ਰਨਜੀਤ ਸਿੰਘ, ਪਰਮਜੀਤ ਕੌਰ, ਅਮਨਦੀਪ ਕੌਰ, ਸਰਵਜੀਤ ਕੌਰ, ਸਤਨਾਮ ਸਿੰਘ ਟਾਂਡਾ, ਪਰਮਿੰਦਰ ਸਿੰਘ ਧਨਾਸ, ਰਵਿੰਦਰ ਬਿਰਦੀ, ਜੀਤ ਸਿੰਘ ਬਹਿਲਾਣਾ, ਅਮਨ ਮਨੀਮਾਜਰਾ, ਗਿਆਨ ਚੰਦ, ਮਲਕੀਤ ਸਿੰਘ ਨਾਗਰਾ ਅਤੇ ਕੰਵਰ ਨੈਨ ਸਿੰਘ ਸੇਖੋਂ ਨੇ ਵੀ ਧਰਨੇ ਦੌਰਾਨ ਭਰਵੀਂ ਸ਼ਮੂਲੀਅਤ ਕੀਤੀ |
ਅੰਤ ਵਿੱਚ ਸਾਥੀਆਂ ਦਾ ਧੰਨਵਾਦ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਨੇ ਕੀਤਾ | ਮੰਚ ਸੰਚਾਲਨ ਬਾਖੂਬੀ ਗੁਰਪ੍ਰੀਤ ਸਿੰਘ ਸੋਮਲ ਨੇ ਕੀਤਾ |
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ! ਪੰਜਾਬੀ ਦੋਖੀ ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ!
ਪੰਜਾਬੀ ਪਿਆਰਿਆਂ ਦਾ ਏਕਾ ਜ਼ਿੰਦਾਬਾਦ! ਆਦਿ ਆਕਾਸ਼ ਗੁੰਜਾਊ ਨਾਅਰਿਆਂ ਨਾਲ ਰੋਸ ਧਰਨੇ ਦੀ ਸਮਾਪਤੀ ਹੋਈ |

Related Articles

LEAVE A REPLY

Please enter your comment!
Please enter your name here

Latest Articles