ਦਸੰਬਰ ਤੱਕ ਦੇ ਸਾਰੇ ਪੈਂਡਿੰਗ ਬਿੱਲ ਮੁਆਫ
ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਸ਼ੁੱਕਰਵਾਰ ਤੋਂ ਮਿਲਣੀ ਸ਼ੁਰੂ ਹੋ ਗਈ ਹੈ | ਹਾਲਾਂਕਿ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ | ਸੂਬੇ ਵਿਚ ਦੋ ਮਹੀਨੇ ਬਾਅਦ ਬਿਜਲੀ ਬਿਲ ਬਣਦਾ ਹੈ | ਅਜਿਹੇ ਵਿਚ ਇਕ ਬਿਲ ਵਿਚ 600 ਯੂਨਿਟ ਬਿਜਲੀ ਮੁਫਤ ਮਿਲੇਗੀ | ਜੇ 600 ਯੂਨਿਟ ਤੋਂ ਜ਼ਿਆਦਾ ਖਪਤ ਹੋਈ ਤਾਂ ਫਿਰ ਪੂਰਾ ਬਿਲ ਦੇਣਾ ਹੋਵੇਗਾ |
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਅਨੁਸਾਰ ਪੰਜਾਬ ‘ਚ 73.39 ਲੱਖ ਘਰੇਲੂ ਖਪਤਕਾਰ ਹਨ, ਜੋ ਇਸ ਸਕੀਮ ਦਾ ਲਾਭ ਲੈਣਗੇ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਇਹ ਅਫਵਾਹ ਫੈਲੀ ਕਿ ਉਹ ਦੋ ਕਿਲੋਵਾਟ ਤਕ ਦੇ ਬਿਲ ਮੁਆਫ ਕਰ ਰਹੇ ਹਨ | ਅਜਿਹਾ ਨਹੀਂ, ਸਗੋਂ 31 ਦਸੰਬਰ ਤੋਂ ਪਹਿਲਾਂ ਦੇ ਜਿੰਨੇ ਵੀ ਕਿਲੋਵਾਟ ਦਾ ਕੁਨੈਕਸ਼ਨ ਹੋਵੇ, ਲੋਕਾਂ ਦੇ ਸਾਰੇ ਪੈਂਡਿੰਗ ਬਿਲ ਮੁਆਫ ਕਰ ਦਿੱਤੇ ਗਏ ਹਨ | ਉਹ ਚਾਹੇ ਕਿਸੇ ਕੈਟੇਗਰੀ ਦਾ ਹੋਵੇ | ਜਨਰਲ ਕੈਟੇਗਰੀ ਨੂੰ ਦੋ ਮਹੀਨੇ ਵਿਚ 600 ਯੂਨਿਟ ਮੁਫਤ ਬਿਜਲੀ ਮਿਲੇਗੀ | ਜੇ ਇਕ ਯੂਨਿਟ ਵਧ ਹੋਇਆ ਤਾਂ ਪੂਰਾ ਬਿਲ ਦੇਣਾ ਹੋਵੇਗਾ | ਇਕ ਕਿਲੋਵਾਟ ਕੁਨੈਕਸ਼ਨ ਤਕ ਐਸ ਸੀ ਕੈਟੇਗਰੀ ਨੂੰ 600 ਯੂਨਿਟ ਮੁਆਫ ਹੋਵੇਗੀ | ਉਹ ਜ਼ਿਆਦਾ ਖਰਚ ਕਰਨਗੇ ਤਾਂ ਉਨ੍ਹਾਂ ਨੂੰ ਵਾਧੂ ਯੂਨਿਟਾਂ ਦਾ ਬਿਲ ਦੇਣਾ ਹੋਵੇਗਾ | ਜੋ ਇਨਕਮ ਟੈਕਸ ਭਰਦੇ ਹਨ ਤੇ 600 ਯੂਨਿਟ ਤੋਂ ਵੱਧ ਬਿਜਲੀ ਖਪਤ ਕਰਦੇ ਹਨ ਉਨ੍ਹਾਂ ਤੋਂ ਪੂਰਾ ਬਿਲ ਲਿਆ ਜਾਵੇਗਾ |