ਸੋਨੀਆ ਗਾਂਧੀ ਦੇ 9 ਮੁੱਦੇ, ਡੇਰੇਕ ਦਾ ਕੋਰਾ ਕਾਗਜ਼, ਪ੍ਰਧਾਨ ਮੰਤਰੀ ਦੀ ਚੁੱਪੀ

0
189

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 18 ਸਤੰਬਰ ਤੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਸੋਨੀਆ ਨੇ ਚਿੱਠੀ ’ਚ ਵਿਸ਼ੇਸ਼ ਸੈਸ਼ਨ ਦਾ ਏਜੰਡਾ ਨਾ ਦੱਸਣ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਹਨਾ ਚਿੱਠੀ ’ਚ 9 ਮੁੱਦੇ ਉਠਾਏ ਹਨ। ਚਿੱਠੀ ’ਚ ਲਿਖਿਆ ਹੈ ਕਿ ਵਿਰੋਧੀ ਦਲ ਨੂੰ ਵਿਸ਼ੇਸ਼ ਸੈਸ਼ਨ ਦੇ ਏਜੰਡੇ ਬਾਰੇ ਜਾਣਕਾਰੀ ਨਹੀਂ। ਆਮ ਤੌਰ ’ਤੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਗੱਲਬਾਤ ਹੁੰਦੀ ਹੈ ਅਤੇ ਆਮ ਸਹਿਮਤੀ ਬਣਾਈ ਜਾਂਦੀ ਹੈ। ਇਸ ਦਾ ਏਜੰਡਾ ਵੀ ਪਹਿਲਾਂ ਤੈਅ ਹੁੰਦਾ ਹੈ ਅਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਮੀਟਿੰਗ ਬੁਲਾਈ ਜਾ ਰਹੀ ਹੈ ਅਤੇ ਏਜੰਡਾ ਤੈਅ ਨਹੀਂ ਹੈ, ਨਾ ਹੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਂਗਰਸ ਚਾਹੁੰਦੀ ਹੈ ਕਿ ਸਰਕਾਰ ਮਹਿੰਗਾਈ, ਭਾਰਤ-ਚੀਨ ਬਾਰਡਰ ਵਿਵਾਦ ਅਤੇ ਮਨੀਪੁਰ ਵਰਗੇ ਗੰਭੀਰ ਮਾਮਲਿਆਂ ’ਤੇ ਚਰਚਾ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਲੈ ਕੇ ਸਰਕਾਰ ਨੇ ਜੋ ਵਾਅਦੇ ਕੀਤੇ, ਐੱਮ ਐੱਸ ਪੀ ਦੀ ਗਰੰਟੀ ਦੀ ਉਸ ’ਤੇ ਹਾਲੇ ਤੱਕ ਕੀ ਹੋਇਆ। ਸੋਨੀਆ ਨੇ ਅਡਾਨੀ ਮਾਮਲੇ ’ਚ ਜੇ ਪੀ ਸੀ ਦੀ ਜਾਂਚ ਦੀ ਮੰਗ ਕੀਤੀ ਹੈ। ਉਹਨਾ ਕਿਹਾ ਕਿ ਕੇਂਦਰ ਵੱਲੋਂ ਸੰਘੀ ਢਾਂਚੇ, ਸੂਬਾ ਸਰਕਾਰਾਂ ’ਤੇ ਕੀਤੇ ਜਾ ਰਹੇ ਹਮਲੇ, ਹਿਮਾਚਲ ਪ੍ਰਦੇਸ਼ ’ਚ ਆਈ ਆਪਦਾ ਨੂੰ ਰਾਸ਼ਟਰੀ ਆਪਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਦੇਸ਼ ’ਚ ਸੰਪਰਦਾਇਕ ਤਣਾਅ, ਮਨੀਪੁਰ ਹਿੰਸਾ ਅਤੇ ਚੀਨ ਵੱਲੋਂ ਲੱਦਾਖ ’ਚ ਘੁਸਪੈਠ ਦੇ ਮੁੱਦੇ ਨੂੰ ਸਾਹਮਣੇ ਰੱਖਿਆ ਹੈ। ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ 24 ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਚਿੱਠੀ ਲਿਖ ਕੇ ਭੇਜੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਹਦ ਜੋਸ਼ੀ ਨੇ ਪਿਛਲੇ ਹਫ਼ਤੇ 18 ਤੋਂ 22 ਸਤੰਬਰ ਤੱਕ ਸੰਸਦ ਦੇ ਪੰਜ ਦਿਨ ਦੇ ਵਿਸ਼ੇਸ਼ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਸੀ। ਰਾਜ ਸਭਾ ’ਚ ਤਿ੍ਰਣਮੂਲ ਕਾਂਗਰਸ (ਟੀ ਐੱਮ ਸੀ) ਦੇ ਸਾਂਸਦੀ ਦਲ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਟਵਿੱਟਰ ’ਤੇ ਇੱਕ ਕੋਰੇ ਕਾਗਜ਼ ਦੀ ਤਸਵੀਰ ਸ਼ੇਅਰ ਕੀਤੀ ਹੈ। ਬੁੱਧਵਾਰ ਕੋਰੇ ਕਾਗਜ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਡੇਰੇਕ ਨੇ ਕੈਪਸ਼ਨ ’ਚ ਲਿਖਿਆਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ, ਇਹ ਹੈ ਏਜੰਡਾ।

LEAVE A REPLY

Please enter your comment!
Please enter your name here