ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਬੇਟੇ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ਬਾਰੇ ਦਿੱਤੇ ਬਿਆਨ ਤੋਂ ਹਿੰਦੂਤਵੀ ਤਾਕਤਾਂ ਬੁਖਲਾ ਗਈਆਂ ਹਨ। ਅਖੌਤੀ ਸਾਧ ਉਸ ਦੇ ਸਿਰ ਦਾ ਮੁੱਲ ਤੈਅ ਕਰ ਰਹੇ ਹਨ ਤੇ ਹੇਠਲੇ ਹਿੰਦੂਤਵੀਆਂ ਨੇ ਉਸ ਵਿਰੁੱਧ ਕੇਸ ਦਰਜ ਕਰਾਉਣ ਦੀ ਝੜੀ ਲਾ ਦਿੱਤੀ ਹੈ।
ਡੀ ਐੱਮ ਕੇ ਆਗੂ ਤੇ ਤਾਮਿਲਨਾਡੂ ਦੇ ਯੁਵਾ ਕਲਿਆਣ ਮੰਤਰੀ ਉਦੈਨਿਧੀ ਸਟਾਲਿਨ ਨੇ ਪ੍ਰੋਗਰੈਸਿਵ ਰਾਈਟਰਜ਼ ਐਂਡ ਆਰਟਿਸਟ ਐਸੋਸੀਏਸ਼ਨ ਦੀ 2 ਸਤੰਬਰ ਨੂੰ ਹੋਈ ਇੱਕ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਨਾਤਨ ਧਰਮ ਸਮਾਜਕ ਨਿਆਂ ਦੇ ਵਿਰੁੱਧ ਹੈ, ਇਸ ਲਈ ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ, ‘ਸਨਾਤਨ ਦਾ ਮਤਲਬ ਹੈ ਸ਼ਾਸ਼ਵਤ, ਅਰਥਾਤ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਜਿਵੇਂ ਮੱਛਰ, ਡੇਂਗੂ, ਮਲੇਰੀਆ ਤੇ ਕੋਰੋਨਾ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਵਿਰੋਧ ਨਹੀਂ, ਉਨ੍ਹਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੁੰਦਾ ਹੈ। ਸਨਾਤਨ ਧਰਮ ਨੇ ਲੋਕਾਂ ਨੂੰ ਜਾਤਾਂ ਵਿੱਚ ਵੰਡਿਆ ਹੈ, ਇਸ ਲਈ ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।’
‘ਇੰਡੀਆ’ ਗੱਠਜੋੜ ਦੀਆਂ ਸਫ਼ਲ ਮੀਟਿੰਗਾਂ ਤੋਂ ਘਬਰਾਈ ਭਾਜਪਾ ਦੇ ਤਾਂ ਇਸ ਬਿਆਨ ਨਾਲ ਸਾਹ ਵਿੱਚ ਸਾਹ ਆ ਗਿਆ। ਭਾਜਪਾ ਆਗੂ ਤਾਂ ਹਮੇਸ਼ਾ ਅਜਿਹਾ ਮੁੱਦਾ ਲੱਭਦੇ ਰਹਿੰਦੇ ਹਨ, ਜਿਸ ਨੂੰ ਹਵਾ ਦੇ ਕੇ ਹਿੰਦੂਆਂ ਨੂੰ ਗੋਲਬੰਦ ਕੀਤਾ ਜਾ ਸਕੇ। ਉਦੈਨਿਧੀ ਦੇ ਇਸ ਬਿਆਨ ਤੋਂ ਬਾਅਦ ਪਰਮਹੰਸ ਅਚਾਰੀਆ ਨਾਂਅ ਦੇ ਸਾਧ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਸਨਾਤਨੀ ਉਦੈਨਿਧੀ ਦਾ ਸਿਰ ਕਲਮ ਕਰਕੇ ਲਿਆਵੇਗਾ, ਉਹ ਉਸ ਨੂੰ 10 ਕਰੋੜ ਰੁਪਏ ਦੇਣਗੇ।
ਇਹ ਉਹੀ ਪਰਮਹੰਸ ਅਚਾਰੀਆ ਹੈ, ਜਿਸ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਆਤਮਦਾਹ ਕਰਨ ਲਈ ਆਪਣੀ ਤਪੱਸਵੀ ਛਾਉਣੀ ਵਿੱਚ ਚਿਤਾ ਜਲਾ ਲਈ ਸੀ, ਪਰ ਅੱਜ ਤੱਕ ਉਸ ਨੇ ਆਤਮਦਾਹ ਨਹੀਂ ਕੀਤਾ। ਇਸ ਉਪਰੰਤ ਉਸ ਨੇ ਜਲ ਸਮਾਧੀ ਲੈਣ ਦਾ ਐਲਾਨ ਕਰ ਦਿੱਤਾ, ਪਰ ਅੱਜ ਤੱਕ ਉਹ ਪਾਣੀ ਵਿੱਚ ਵੜਿਆ ਤੱਕ ਨਹੀਂ। ਉਸ ਨੇ ਫਿਲਮ ਐਕਟਰ ਸ਼ਾਹਰੁਖ ਖਾਨ ਨੂੰ ਜ਼ਿੰਦਾ ਸਾੜ ਦੇਣ ਵਾਲੇ ਨੂੰ ਵੀ ਇਨਾਮ ਦੇਣ ਦਾ ਐਲਾਨ ਕੀਤਾ ਸੀ, ਪਰ ਉਸ ਦੇ ਕਹੇ ਕੋਈ ਸਨਾਤਨੀ ਨਿੱਤਰਿਆ ਹੀ ਨਹੀਂ।
ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਫਿਰਕਾਪ੍ਰਸਤੀ ਦੀ ਖੇਡ ਇੱਕ ਦਿਨ ਉਸ ਨੂੰ ਸਮਾਪਤ ਕਰ ਦੇਵੇਗੀ। ਸਨਾਤਨ ਧਰਮ ਅਸਲ ਵਿੱਚ ਮੁੱਠੀ-ਭਰ ਸਵਰਨ ਜਾਤੀਆਂ ਲਈ ਸੱਤਾ ਉੱਤੇ ਪਕੜ ਬਣਾਈ ਰੱਖਣ ਦਾ ਇੱਕ ਹਥਿਆਰ ਹੈ। ਜਦੋਂ ਬਹੁ-ਗਿਣਤੀ ਹਿੰਦੂਆਂ ਨੂੰ ਇਹ ਗੱਲ ਸਮਝ ਪੈ ਜਾਵੇਗੀ ਤਾਂ ਅਜੋਕੀ ਹਾਕਮ ਜਮਾਤ ਦਾ ਇਹ ਆਖਰੀ ਦਿਨ ਹੋਵੇਗਾ।
ਉਦੈਨਿਧੀ ਨੇ ਕੋਈ ਵੱਖਰੀ ਗੱਲ ਨਹੀਂ ਕੀਤੀ, ਉਸ ਨੇ ਉਹੀ ਕਿਹਾ, ਜੋ ਪੇਰੀਅਰ, ਅੰਬੇਡਕਰ ਤੇ ਉਸ ਤੋਂ ਪਹਿਲਾਂ ਭਗਤੀ ਲਹਿਰ ਦੇ ਸੰਤ ਕਹਿੰਦੇ ਰਹੇ ਹਨ। ਪੇਰੀਅਰ ਨੇ ਤਾਂ ਇੱਥੋਂ ਤੱਕ ਕਿਹਾ ਸੀ, ‘ਬ੍ਰਾਹਮਣਵਾਦ ਸੱਪ ਤੋਂ ਜ਼ਹਿਰੀਲਾ ਤੇ ਖ਼ਤਰਨਾਕ ਹੈ, ਕਿਉਂਕਿ ਸੱਪ ਦਾ ਜ਼ਹਿਰ ਤਾ ਇੱਕ ਆਦਮੀ ਨੂੰ ਮਾਰਦਾ ਹੈ, ਪ੍ਰੰਤੂ ਬ੍ਰਾਹਮਣਵਾਦ ਦਾ ਜ਼ਹਿਰ ਵਰਤਮਾਨ ਪੀੜ੍ਹੀ ਦੇ ਨਾਲ-ਨਾਲ ਭਵਿੱਖੀ ਪੀੜ੍ਹੀਆਂ ਨੂੰ ਵੀ ਮਾਰ ਦਿੰਦਾ ਹੈ।’ ਅੰਬੇਡਕਰ ਨੇ ਕਿਹਾ ਸੀ, ‘ਹਿੰਦੂ ਧਰਮ ਇੱਕ ਅਜਿਹੀ ਰਾਜਨੀਤਕ ਵਿਚਾਰਧਾਰਾ ਹੈ, ਜੋ ਲੋਕਤੰਤਰ ਵਿਰੋਧੀ ਹੈ ਤੇ ਜਿਸ ਦਾ ਚਰਿੱਤਰ ਫਾਸ਼ੀਵਾਦੀ ਤੇ ਨਾਜ਼ੀ ਵਿਚਾਰਧਾਰਾ ਵਰਗਾ ਹੈ।’
ਭਗਤੀ ਲਹਿਰ ਦੇ ਸੰਤਾਂ, ਪੇਰੀਅਰ ਤੇ ਅੰਬੇਡਕਰ ਵਰਗੇ ਆਗੂਆਂ ਨੇ ਸਨਾਤਨ ਧਰਮ ਦੇ ਪਾਖੰਡ ਨੂੰ ਖੁੱਲ੍ਹੇਆਮ ਚੈਲੰਜ ਕਰਕੇ ਤਾਰ-ਤਾਰ ਕਰ ਦਿੱਤਾ ਸੀ। ਸਿੱਖ ਧਰਮ ਦੀ ਤਾਂ ਸਥਾਪਨਾ ਹੀ ਸਨਾਤਨ ਧਰਮ ਦੇ ਪਾਖੰਡਵਾਦ ਦੇ ਵਿਰੋਧ ਵਿੱਚ ਹੋਈ ਸੀ। ਸਨਾਤਨ ਧਰਮ ਵਿੱਚ ਫੈਲੀ ਜਾਤਵਾਦੀ ਜ਼ਹਿਰ ਤੇ ਸਮਾਜਕ ਅਸਮਾਨਤਾ ਕਾਰਨ ਅੱਜ ਕਰੋੜਾਂ ਹਿੰਦੂ ਈਸਾਈ ਧਰਮ ਅਪਣਾ ਚੁੱਕੇ ਹਨ।
ਅਸੀਂ ਜਿਸ ਯੁੱਗ ਵਿੱਚ ਰਹਿ ਰਹੇ ਹਾਂ, ਉਹ ਵਿਗਿਆਨ ਤੇ ਤਰਕ ਦਾ ਯੁੱਗ ਹੈ। ਵਿਗਿਆਨ ਤੇ ਤਰਕ ਨੇ ਅੱਜ ਅੰਧ-ਵਿਸ਼ਵਾਸਾਂ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ, ਜੋ ਸਨਾਤਨ ਧਰਮ ਦਾ ਮੂਲ ਅਧਾਰ ਹਨ। ਧਰਮ ਨਾਲ ਜੁੜੇ ਮਹੰਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਸਮੇਂ ਅਨੁਸਾਰ ਆਪਣੇ ਆਪ ਨੂੰ ਨਹੀਂ ਬਦਲਦਾ, ਸਮਾਂ ਉਸ ਦਾ ਸਰਵਨਾਸ਼ ਕਰ ਦਿੰਦਾ ਹੈ।
ਸਨਾਤਨ ਧਰਮ ਦੇ ਅਲੰਬਰਦਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਸਮੇਂ ਦੇ ਨਾਲ ਸਨਾਤਨ ਧਰਮ ਦੀਆਂ ਕੁਰੀਤੀਆਂ ਤੇ ਗੈਰ-ਮਨੁੱਖੀ ਪ੍ਰਥਾਵਾਂ ਨੂੰ ਤਿਲਾਂਜਲੀ ਦੇ ਦਿੰਦੇ, ਪਰ ਉਹ ਤਾਂ ਘੁਮੰਡ ਦੇ ਘੋੜੇ ਚੜ੍ਹੇ ਹੋਏ ਮਨੂੰ ਸਿ੍ਰਮਤੀ ਵਰਗੀ ਲਾਹਨਤੀ ਪੁਸਤਕ ਨੂੰ ਵੀ ਸਨਤਨ ਧਰਮ ਦਾ ਮਹਾਨ ਗਰੰਥ ਕਹਿ ਰਹੇ ਹਨ। ਹਾਲੇ ਵੀ ਸਮਾਂ ਹੈ ਕਿ ਸਨਾਤਨ ਧਰਮੀਏ ਆਪਣੇ ਅੰਦਰ ਝਾਤੀ ਮਾਰਨ, ਆਪਣੇ ਅੰਦਰ ਲਚਕ ਪੈਦਾ ਕਰਨ ਤੇ ਆਸਥਾ ਦੇ ਨਾਲ ਤਰਕ ਨੂੰ ਵੀ ਥਾਂ ਦੇਣ। ਕੁਝ ਸਮਾਂ ਹੋਰ ਜ਼ਿੰਦਾ ਰਹਿਣਾ ਹੈ ਤਾਂ ਇਹੋ ਰਾਹ ਹੈ, ਵਰਨਾ ਸਿਰਫ਼ ਪੁਜਾਰੀ ਰਹਿ ਜਾਣਗੇ ਤੇ ਜਜਮਾਨ ਛੂਮੰਤਰ ਹੋ ਜਾਣਗੇ।
-ਚੰਦ ਫਤਿਹਪੁਰੀ


