ਪੁਲਸ ਇੰਸਪੈਕਟਰ ਦੀ ਭੇਦਭਰੀ ਹਾਲਤ ’ਚ ਗੋਲੀ ਲੱਗਣ ਕਾਰਨ ਮੌਤ

0
274

ਬਠਿੰਡਾ (ਪਰਵਿੰਦਰ
ਜੀਤ ਸਿੰਘ)
ਬਠਿੰਡਾ ਦੇ ਮਾਡਲ ਟਾਊਨ ਫ਼ੇਜ਼ ਵਨ ’ਚ ਇੱਕ ਪੁਲਸ ਇੰਸਪੈਕਟਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇੰਸਪੈਕਟਰ ਦੀ ਲਾਸ਼ ਉਸ ਦੀ ਕੋਠੀ ਨੇੜੇ ਉਸ ਦੀ ਕਾਰ ’ਚੋਂ ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਬਠਿੰਡਾ ਹਸਪਤਾਲ ਭੇਜ ਦਿੱਤਾ ਗਿਆ ਹੈ। ਮਿ੍ਰਤਕ ਪੁਲਸ ਇੰਸਪੈਕਟਰ ਦੀ ਸ਼ਨਾਖ਼ਤ ਰਣਧੀਰ ਸਿੰਘ ਭੁੱਲਰ (50) ਵਜੋਂ ਹੋਈ ਹੈ। ਮਿ੍ਰਤਕ ਲੁਧਿਆਣਾ ਨਜ਼ਦੀਕ ਜਗਰਾਵਾਂ ਦੀ ਪੁਲਸ ਲਾਈਨ ਵਿਖੇ ਤਾਇਨਾਤ ਸੀ। ਜਾਂਚ ਅਧਿਕਾਰੀ ਐੱਸ ਪੀ ਸਿਟੀ ਨਰਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਫੋਰੈਂਸਿਕ ਮਾਹਰਾਂ ਦੀਆਂ ਟੀਮਾਂ ਵੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਸਨ। ਪੁਲਸ ਵੱਲੋਂ ਉਸ ਦੀ ਕੋਠੀ ਨਜ਼ਦੀਕ ਆਸਪਾਸ ਖੇਤਰ ਦੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਵੱਲੋਂ ਕਾਲ ਡਿਟੇਲਜ਼ ਵੀ ਕਢਵਾਈ ਜਾ ਰਹੀ ਹੈ ਕਿ ਆਖ਼ਰੀ ਟਾਈਮ ਉਸ ਨੂੰ ਕੌਣ ਮਿਲਿਆ ਅਤੇ ਕਿਸ ਨਾਲ ਗੱਲ ਕੀਤੀ। ਗੌਰਤਲਬ ਹੈ ਇੰਸਪੈਕਟਰ ਭੁੱਲਰ ਦੀ ਲਾਸ਼ ਉਸ ਦੇ ਘਰ ਨੇੜੇ ਕਾਰ ’ਚੋਂ ਮਿਲੀ ਹੈ। ਪਤਾ ਲੱਗਾ ਹੈ ਕਿ ਭੁੱਲਰ ਦਾ ਸਹੁਰਾ ਪਰਵਾਰ ਵੀ ਮਾਡਲ ਟਾਊਨ ਵਿਖੇ ਰਹਿ ਰਿਹਾ ਹੈ। ਮਿ੍ਰਤਕ ਦੇ ਦੋ ਬੇਟੀਆਂ ਹਨ, ਜੋ ਵਿਦੇਸ਼ ’ਚ ਦੱਸੀਆਂ ਜਾ ਰਹੀਆਂ ਹਨ। ਇਸ ਸੰਬੰਧੀ ਐੱਸ ਐੱਸ ਪੀ ਗੁਲਨੀਤ ਸਿੰਘ ਖਰਾਣਾ ਨੇ ਦੱਸਿਆ ਕਿ ਇਹ ਫ਼ਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਖ਼ੁਦਕੁਸ਼ੀ ਹੈ ਜਾਂ ਹਾਦਸਾ। ਸ਼ੁਰੂਆਤੀ ਜਾਂਚ ਦੌਰਾਨ ਇਹ ਦੁਰਘਟਨਾ ਦਾ ਮਾਮਲਾ ਲੱਗਦਾ ਹੈ।

LEAVE A REPLY

Please enter your comment!
Please enter your name here