ਜਲੰਧਰ (ਸ਼ੈਲੀ ਐਲਬਰਟ,
ਸੁਰਿੰਦਰ ਕੁਮਾਰ)
ਜਲੰਧਰ ਦਿਹਾਤੀ ਪੁਲਸ ਵੱਲੋਂ ਨਸ਼ਾ ਤਸਕਰਾਂ ’ਤੇ ਸ਼ਿਕੰਜੇ ਕਾਰਨ ਵੱਡੀ ਸਫ਼ਲਤਾ ਹੱਥ ਲੱਗੀ ਹੈ। ਪੁਲਸ ਨੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਭੇਜਣ ਵਾਲੇ ਮੁੱਖ ਤਸਕਰ ਫਾਜ਼ਿਲਕਾ ਨਿਵਾਸੀ ਮਲਕੀਤ ਉਰਫ਼ ਕਾਲੀ ਨੂੰ ਗਿ੍ਰਫ਼ਤਾਰ ਕੀਤਾ ਹੈ। ਕਾਲੀ ਤੋਂ ਪੁਲਸ ਨੇ 9 ਕਿਲੋ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਸ ਦੇ ਪਾਕਿਸਤਾਨ ’ਚ ਬੈਠੇ ਤਸਕਰਾਂ ਨਾਲ ਸੰਬੰਧ ਹਨ। ਕਾਲੀ ਨੇ ਬਾਰਡਰ ਦੇ ਰਸਤੇ ਪਾਕਿਸਤਾਨ ’ਚ ਲੜਕਿਆਂ ਨੂੰ ਭੇਜ ਕੇ 50 ਕਿਲੋ ਹੈਰੋਇਨ ਮੰਗਵਾਈ ਸੀ। ਭਾਰਤ ’ਚ ਹੈਰੋਇਨ ਪਹੁੰਚਣ ਤੋਂ ਬਾਅਦ ਇਸ ਨੂੰ 6 ਵੱਖ-ਵੱਖ ਤਸਕਰਾਂ ਵਿਚਾਲੇ ਵੰਡਣਾ ਸੀ। ਪੁਲਸ ਨੇ ਹਾਲੇ ਤੱਕ 4 ਤਸਕਰਾਂ ਨੂੰ ਫੜ ਕੇ ਉਨ੍ਹਾਂ ਕੋਲੋਂ ਸਾਢੇ 31 ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਲਈ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਗੌਰਵ ਯਾਦਵ ਨੇ ਵੀਰਵਾਰ ਦੱਸਿਆ ਕਿ ਪੁਲਸ ਟੀਮਾਂ ਨੇ ਕਾਲੀ ਕੋਲੋਂ 50 ਕਿਲੋ ਹੈਰੋਇਨ ਦੀ ਖੇਪ ’ਚੋਂ 9 ਕਿਲੋ ਹੋਰ ਹੈਰੋਇਨ ਜ਼ਬਤ ਕੀਤੀ ਹੈ। ਪੁਲਸ ਵੱਲੋਂ ਇਸ ਖੇਪ ’ਚੋਂ 22.5 ਕਿਲੋ ਹੈਰੋਇਨ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਹੈ, ਜਿਸ ਨਾਲ ਹੁਣ ਕੁੱਲ ਬਰਾਮਦਗੀ 31.5 ਕਿਲੋ ਹੋ ਗਈ ਹੈ।
ਐੱਸ ਐੱਸ ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਮਲਕੀਅਤ ਕਾਲੀ ਨੇ ਖੁਲਾਸਾ ਕੀਤਾ ਹੈ ਕਿ ਉਹ ਹੈਦਰ ਅਲੀ ਵਜੋਂ ਜਾਣੇ ਜਾਂਦੇ ਪਾਕਿਸਤਾਨ ਸਥਿਤ ਨਸ਼ਾ ਤਸਕਰ ਦੇ ਲਗਾਤਾਰ ਸੰਪਰਕ ’ਚ ਸੀ, ਜਿਸ ਨੇ ਹਵਾਲਾ ਰਾਹੀਂ ਪੈਸੇ ਦਾ ਲੈਣ-ਦੇਣ ਕਰਨ ਬਦਲੇ ਭਾਰਤ ’ਚ ਹੈਰੋਇਨ ਦੀ ਖੇਪ ਦੀ ਤਸਕਰੀ ’ਚ ਉਸ ਦੀ ਮਦਦ ਕੀਤੀ ਸੀ। ਮਲਕੀਅਤ ਕਾਲੀ ਨੇ ਇਹ ਵੀ ਕਬੂਲਿਆ ਕਿ ਉਸ ਨੇ ਜੋਗਾ ਸਿੰਘ ਨੂੰ ਦੋ ਹੋਰ ਵਿਅਕਤੀਆਂ ਨਾਲ ਦਰਿਆਈ ਰਸਤੇ 50 ਕਿਲੋ ਹੈਰੋਇਨ ਦੀ ਖੇਪ ਲਿਆਉਣ ਲਈ ਪਾਕਿਸਤਾਨ ਭੇਜਿਆ ਸੀ, ਜੋ ਕਿ ਉਸ ਦੀ ਪਾਰਟੀ ਅਤੇ ਜੋਗਾ ਸਿੰਘ ਦੀ ਪਾਰਟੀ ਵਿਚਕਾਰ ਬਰਾਬਰ ਵੰਡੀ ਜਾਣੀ ਸੀ। ਪੁਲਸ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ।





