ਚੇਨਈ : ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਨੇ ਵੀਰਵਾਰ ਦੋਸ਼ ਲਗਾਇਆ ਕਿ ਮਨੀਪੁਰ ਹਿੰਸਾ ਤੇ ਭਿ੍ਰਸ਼ਟਾਚਾਰ ਤੋਂ ਧਿਆਨ ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾ ਦੇ ਸਹਿਯੋਗੀ ਸਨਾਤਨ ਧਰਮ ਦੀ ਵਰਤੋਂ ਕਰ ਰਹੇ ਹਨ। ਉਨ੍ਹਾ ਕਿਹਾ ਕਿ ਉਹ ਸਾਰੇ ਮਾਮਲਿਆਂ ਦਾ ਕਾਨੂੰਨੀ ਢੰਗ ਨਾਲ ਮੁਕਾਬਲਾ ਕਰਨਗੇ। ਉਨ੍ਹਾ ਸਪੱਸ਼ਟ ਕੀਤਾ ਕਿ ਸਾਰਿਆਂ ਨੂੰ ਪਤਾ ਹੈ ਉਹ ਕਿਸੇ ਧਰਮ ਦੇ ਦੁਸ਼ਮਣ ਨਹੀਂ। ਉਨ੍ਹਾ ਕਿਹਾ, ‘ਉਹ ਕਿਸੇ ਵੀ ਧਰਮ ਦੇ ਦੁਸ਼ਮਣ ਨਹੀਂ ਹਨ। ਉਨ੍ਹਾ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ।’ ਉਨ੍ਹਾ ਵੀਰਵਾਰ 4 ਸਫਿਆਂ ਦੀ ਸਟੇਟਮੈਂਟ ’ਚ ਆਪਣੀਆਂ ਗੱਲਾਂ ਨੂੰ ਸਾਫ਼ ਕੀਤਾ। ਉਨ੍ਹਾ ਕਿਹਾਭਾਜਪਾ ਦੇ ਪਿਛਲੇ 9 ਸਾਲਾਂ ਦੇ ਸਾਰੇ ਵਾਅਦੇ ਖੋਖਲੇ ਸਾਬਤ ਹੋਏ ਹਨ। ਭਾਜਪਾ ਨੇ ਅਸਲ ’ਚ ਸਾਡੀ ਭਲਾਈ ਲਈ ਕੀ ਕੀਤਾ ਹੈ? ਉਨ੍ਹਾ ਕਿਹਾ, ‘‘ਇਹ ਉਹ ਸਵਾਲ ਹੈ, ਜਿਸ ਨੂੰ ਪੂਰਾ ਦੇਸ਼ ਇਸ ਸਮੇਂ ਫਾਸ਼ੀਵਾਦੀ ਭਾਜਪਾ ਸਰਕਾਰ ਵਿਰੁੱਧ ਇਕਜੁੱਟ ਹੋ ਕੇ ਉਠਾ ਰਿਹਾ ਹੈ। ਇਸੇ ਪਿਛੋਕੜ ਵਿੱਚ ਭਾਜਪਾ ਆਗੂਆਂ ਨੇ ਟੀ ਐੱਨ ਪੀ ਡਬਲਿਊ ਏ ਏ ਦੀ ਕਾਨਫਰੰਸ ਵਿੱਚ ਮੇਰੇ ਭਾਸ਼ਣ ਨੂੰ ‘ਭੜਕਾਊ’ ਕਰਾਰ ਦਿੱਤਾ ਹੈ।’’ ਉਨ੍ਹਾ ਕਿਹਾਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਫੇਕ ਨਿਊਜ਼ ਦੇ ਅਧਾਰ ’ਤੇ ਮੇਰੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਮੈਂ ਵੀ ਇੱਕ ਅਧਿਆਤਮਵਾਦੀ ਹਾਂ। ਜੇ ਕੋਈ ਧਰਮ ਲੋਕਾਂ ਨੂੰ ਜਾਤੀ ਤੇ ਨਾਵਾਂ ’ਤੇ ਵੰਡਦਾ ਹੈ, ਉਸ ਧਰਮ ’ਚ ਛੂਆਛਾਤ ਅਤੇ ਗੁਲਾਮੀ ਨਜ਼ਰ ਆਉਂਦੀ ਹੈ ਤਾਂ ਮੈਂ ਉਸ ਧਰਮ ਦਾ ਵਿਰੋਧ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ।
ਉਨ੍ਹਾ ਕਿਹਾ, ‘ਮਨੀਪੁਰ ਬਾਰੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਡਰ ਕੇ ਉਹ ਆਪਣੇ ਦੋਸਤ ਗੌਤਮ ਅਡਾਨੀ ਨਾਲ ਦੁਨੀਆ ਭਰ ’ਚ ਘੁੰਮ ਰਹੇ ਹਨ। ਸੱਚ ਤਾਂ ਇਹ ਹੈ ਕਿ ਲੋਕਾਂ ਦੀ ਅਗਿਆਨਤਾ ਹੀ ਉਨ੍ਹਾ ਦੀ ਨਾਟਕੀ ਰਾਜਨੀਤੀ ਦੀ ਪੂੰਜੀ ਹੈ।’ ਉਨ੍ਹਾ ਦੋਸ਼ ਲਾਇਆ ਕਿ ਮੋਦੀ ਅਤੇ ਉਨ੍ਹਾ ਦੇ ਸਹਿਯੋਗੀ ਮਨੀਪੁਰ ’ਚ ਭੜਕੇ ਦੰਗਿਆਂ ’ਚ 250 ਤੋਂ ਵੱਧ ਲੋਕਾਂ ਦੀ ਹੱਤਿਆ ਅਤੇ 7.5 ਲੱਖ ਕਰੋੜ ਰੁਪਏ ਦੇ ਭਿ੍ਰਸ਼ਟਾਚਾਰ ਸਮੇਤ ਤੱਥਾਂ ਤੋਂ ਧਿਆਨ ਭਟਕਾਉਣ ਲਈ ਸਨਾਤਨ ਧਰਮ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾ ਕਿਹਾ ਕਿ ਮੈਂ ਸਾਡੇ ਪਾਰਟੀ ਪ੍ਰਧਾਨ (ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ) ਦੇ ਮਾਰਗਦਰਸ਼ਨ ਅਤੇ ਸਾਡੀ ਪਾਰਟੀ ਹਾਈਕਮਾਨ ਦੀ ਸਲਾਹ ’ਤੇ ਆਪਣੇ ਖਿਲਾਫ਼ ਦਾਖ਼ਲ ਮਾਮਲਿਆਂ ਦਾ ਕਾਨੂੰਨੀ ਰੂਪ ਨਾਲ ਸਾਹਮਣਾ ਕਰਾਂਗਾ।
ਦੂਜੇ ਪਾਸੇ ਉਦੈਨਿਧੀ ਸਟਾਲਿਨ ਦੇ ‘ਸਨਾਤਨ ਧਰਮ ਨੂੰ ਖ਼ਤਮ ਕਰ ਦੇਣਾ ਚਾਹੀਦਾ’ ਟਿੱਪਣੀ ’ਤੇ ਤਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕਿਹਾ, ‘ਉਨ੍ਹਾ ਸਨਾਤਨ ਸਿਧਾਂਤਾਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ, ਜੋ ਅਨੁਸੂਚਿਤ ਜਾਤੀ, ਜਨਜਾਤੀਆਂ ਅਤੇ ਔਰਤਾਂ ਖਿਲਾਫ਼ ਭੇਦਭਾਵ ਕਰਦੇ ਹਨ, ਉਨ੍ਹਾ ਦਾ ਕਿਸੇ ਵੀ ਧਰਮ ਜਾਂ ਧਾਰਮਕ ਮਾਨਤਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।’ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਮਰਥਕ ਤਾਕਤਾਂ ਦਮਨਕਾਰੀ ਸਿਧਾਂਤਾਂ ਦੇ ਖਿਲਾਫ਼ ਰੁਖ ਨੂੰ ਬਰਦਾਸ਼ਤ ਕਰਨ ’ਚ ਅਸਮਰਥ ਹਨ ਅਤੇ ਉਨ੍ਹਾਂ ਇੱਕ ਝੂਠੀ ਕਹਾਣੀ ਫੈਲਾਈ ਹੈ, ਜਿਸ ’ਚ ਦੋਸ਼ ਲਾਇਆ ਕਿ ਉਦੈਨਿਧੀ ਨੇ ਸਨਾਤਨ ਵਿਚਾਰਾਂ ਵਾਲੇ ਲੋਕਾਂ ਦਾ ਕਤਲੇਆਮ ਕਰਨ ਦਾ ਸੱਦਾ ਦਿੱਤਾ ਸੀ।
ਇਸੇ ਦੌਰਾਨ ਸੰਜੈ ਰਾਊਤ ਨੇ ਵੀਰਵਾਰ ਕਿਹਾਉਨ੍ਹਾ ਅਤੇ ਹੋਰ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ। ਇਸ ਦੇਸ਼ ’ਚ ਲੱਗਭੱਗ 90 ਕਰੋੜ ਹਿੰਦੂ ਰਹਿੰਦੇ ਹਨ ਅਤੇ ਹੋਰ ਧਰਮਾਂ ਦੇ ਲੋਕ ਵੀ ਇਸ ਦੇਸ਼ ’ਚ ਰਹਿੰਦੇ ਹਨ। ਉਨ੍ਹਾ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਜਾ ਸਕਦੀ।





