ਨਿਊ ਯਾਰਕ : ਨੋਵਾਕ ਜੋਕੋਵਿਚ ਨੇ ਕਰੀਬ ਪੌਣੇ ਦੋ ਘੰਟੇ ਚੱਲੇ ਅਮਰੀਕਾ ਓਪਨ ਫਾਇਨਲ ’ਚ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਰਿਕਾਰਡ 24ਵਾਂ ਸਿੰਗਲਜ਼ ਗ੍ਰੈਂਡਸਲੈਮ ਜਿੱੱਤ ਲਿਆ। ਲੱਗਭੱਗ ਇੱਕ ਵਰਗੀ ਸ਼ੈਲੀ ’ਚ ਖੇਡਣ ਵਾਲੇ ਦੋਵੇਂ ਖਿਡਾਰੀਆਂ ਵਿਚਾਲੇ ਮੁਕਾਬਲਾ ਰੌਚਕ ਰਿਹਾ। ਦਰਸ਼ਕਾਂ ਨੇ ਇਸ ਦਾ ਪੂਰਾ ਮਜ਼ਾ ਲਿਆ ਅਤੇ ਜਿੱਤਣ ਤੋਂ ਬਾਅਦ ਜੋਕੋਵਿਚ ਕੋਰਟ ’ਤੇ ਹੀ ਬੈਠ ਗਏ ਅਤੇ ਦਰਸ਼ਕਾਂ ਦਾ ਸ਼ੁਕਰੀਆ ਕੀਤਾ। ਜੋਕੋਵਿਚ ਨੇ 6-3, 7-6 ਤੇ 6-3 ਨਾਲ ਜਿੱਤ ਦਰਜ ਕੀਤੀ। ਜਿੱਤ ਤੋਂ ਬਾਅਦ ਉਨ੍ਹਾ ਕਿਹਾ ਕਿ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇੱਥੇ ਖੜੇ ਹੋ ਕੇ 24ਵੇਂ ਗ੍ਰੈਂਡਸਲੈਮ ਬਾਰੇ ਗੱਲ ਕਰਾਂਗਾ। ਉਨ੍ਹਾ ਗ੍ਰੈਂਡਸਲੈਮ ਜਿੱਤਣ ਦੇ ਮਾਮਲੇ ’ਚ ਆਸਟਰੇਲੀਆ ਦੀ ਸਾਬਕਾ ਟੈਨਿਸ ਸਟਾਰ ਮਾਰਗਿਟ ਕੋਰਟ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ 24ਵੇਂ ਗ੍ਰੈਂਡਸਲੈਮ ਨਾਲ ਮਰਦਾਂ ਦੇ ਸਿੰਗਲ ਮੁਕਾਬਲੇ ’ਚ ਸਭ ਤੋਂ ਜ਼ਿਆਦਾ ਟਾਇਟਲ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਜੋਕੋਵਿਚ ਦਾ ਇਹ ਚੌਥਾ ਯੂ ਐੱਸ ਓਪਨ ਟਾਇਟਲ ਹੈ। ਉਨ੍ਹਾ ਇਸ ਤੋਂ ਪਹਿਲਾਂ 2011, 2015 ਅਤੇ 2018 ’ਚ ਯੂ ਐੱਸ ਓਪਨ ਖਿਤਾਬ ਜਿੱਤਿਆ ਸੀ।