ਤਰਨ ਤਾਰਨ : ਸਾਥੀ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਤਰਨ ਤਾਰਨ ਵਿਖੇ ਸਰਬ ਭਾਰਤ ਨੌਜਵਾਨ ਸਭਾ ਤੇ ਏ ਆਈ ਐੱਸ ਐੱਫ ਦਾ ਜ਼ਿਲ੍ਹਾ ਪੱਧਰ ਦਾ ਟ੍ਰੇਨਿੰਗ ਕੈਂਪ ਲੱਗਾ | ਕੈਂਪ ਵਿੱਚ ਆਪਣੇ ਵਿਚਾਰ ਰੱਖਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਏ ਆਈ ਐੱਸ ਐੱਫ ਦੇ ਸੁਬਾਈ ਸਾਬਕਾ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਕੋਈ ਵੀ ਲਹਿਰ ਜੁਆਨੀ ਤੋਂ ਬਗੈਰ ਆਪਣਾ ਮਕਸਦ ਪੂਰਾ ਨਹੀਂ ਕਰ ਸਕਦੀ | ਜੇ ਹਿੰਦੁਸਤਾਨ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਹੈ ਤਾਂ ਇਹ ਗਦਰੀ ਬਾਬਿਆਂ ਤੇ ਭਗਤ, ਸਰਾਭਿਆਂ ਦੀ ਦੇਣ ਹੈ | ਗਦਰੀ ਚੜ੍ਹਦੀ ਜਵਾਨੀ ਵਿੱਚ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ ਵਿਦੇਸ਼ਾਂ ਵਿੱਚੋਂ ਆਏ ਸਨ | ਇਹ ਨਹੀਂ ਕਿ ਉਨ੍ਹਾਂ ਕੋਲ ਵਿਦੇਸ਼ਾਂ ਵਿੱਚ ਕੰਮ ਨਹੀਂ ਸਨ | ਬਾਬਾ ਜਵਾਲਾ ਸਿੰਘ ਠੱਠੀਆਂ ਨੂੰ ਤਾਂ ਵਿਦੇਸ਼ੀ ਲੋਕ ‘ਆਲੂਆਂ ਦਾ ਬਾਦਸ਼ਾਹ’ ਕਰਕੇ ਜਾਣਦੇ ਸਨ | ਹੋਰ ਵੀ ਅਨੇਕਾਂ ਗਦਰੀ ਸਨ, ਜਿਨ੍ਹਾਂ ਦੀਆਂ ਵਿਦੇਸ਼ਾਂ ਵਿੱਚ ਬਹੁਤ ਜਾਇਦਾਦਾਂ ਸਨ | ਗਦਰੀਆਂ ਕੋਲ ਵਿਦੇਸ਼ਾਂ ਵਿੱਚ ਇਕੱਲੀਆਂ ਜਾਇਦਾਦਾਂ ਹੀ ਨਹੀਂ ਸਨ, ਕਈ ਗਦਰੀਆਂ ਨੇ ਉਥੋਂ ਦੀਆਂ ਮੂਲ ਨਿਵਾਸੀ ਔਰਤਾਂ ਨਾਲ ਵਿਆਹ ਕਰਵਾਏ ਹੋਏ ਸਨ | ਉਨ੍ਹਾਂ ਦੇ ਬੱਚੇ ਵੀ ਸਨ | ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਆਉਣ ਲੱਗਿਆਂ ਉਨ੍ਹਾਂ ਆਪਣੇ ਪਰਵਾਰਾਂ ਦੀ ਪ੍ਰਵਾਹ ਨਹੀਂ ਕੀਤੀ | ਪਰਵਾਰ ਛੱਡ ਕੇ ਆ ਗਏ | ਗੱਲ ਕੀ ਗਦਰੀਆਂ ਨੇ ਸਭ ਕੁਝ ਦੇਸ਼ ਦੀ ਆਜ਼ਾਦੀ ਲਈ ਨਿਸ਼ਾਵਰ ਕਰ ਦਿੱਤਾ | ਗਦਰੀਆਂ ਦੇ ਵਿਦੇਸ਼ਾਂ ਰਹਿੰਦੇ ਪਰਵਾਰਾਂ ਦੀ ਕੋਈ ਉੱਘ-ਸੁਘ ਹੀ ਨਹੀਂ ਕਿ ਉਹ ਕਿਥੇ ਹਨ, ਜਿਉਂਦੇ ਹਨ ਕਿ ਨਹੀਂ | ਗਦਰੀਆਂ ਦੇ ਬੱਚੇ ਤੇ ਜ਼ਰੂਰ ਜਿਉਂਦੇ ਹੋਣਗੇ | ਗਦਰੀਆਂ ਦੀ ਕੁਰਬਾਨੀ ਸਦਕਾ ਦੇਸ਼ ਤਾਂ ਆਜ਼ਾਦ ਹੋ ਗਿਆ, ਪਰ ਸਾਡੀਆਂ ਸਰਕਾਰਾਂ ਨੇ ਕਦੀ ਇਹ ਸੋਚਿਆ ਹੀ ਨਹੀਂ ਕਿ ਗਦਰੀਆਂ ਦੇ ਪਰਵਾਰਾਂ ਦੀ ਭਾਲ ਕੀਤੀ ਜਾਵੇ |
ਆਗੂਆਂ ਕਿਹਾ ਕਿ ਗਦਰ ਪਾਰਟੀ ਇਕੱਲਾ ਦੇਸ਼ ਆਜ਼ਾਦ ਕਰਵਾਉਣ ਤੱਕ ਸੀਮਤ ਨਹੀਂ ਸੀ, ਉਹ ਤਾਂ ਹਿੰਦੁਸਤਾਨ ਵਿੱਚ ਬਰਾਬਰਤਾ ਵਾਲਾ ਤੇ ਧਰਮ ਨਿਰਪੱਖ ਰਾਜ ਦੇ ਵਿਚਾਰ ਲੈ ਕੇ ਆਏ ਤੇ ਇਨ੍ਹਾਂ ਵਿਚਾਰਾਂ ਦੀ ਪੂਰਤੀ ਲਈ ਕੁਰਬਾਨੀ ਦੇ ਦਿੱਤੀ | ਬਰਾਬਰਤਾ ਦਾ ਭਾਵ ਹਰ ਇੱਕ ਮਨੁੱਖ ਖੁਸ਼ਹਾਲ ਹੋਵੇ | ਖੁਸ਼ਹਾਲ ਤਾਂ ਹੀ ਹੋ ਸਕਦਾ ਹੈ, ਜੇ ਉਨ੍ਹਾਂ ਨੂੰ ਰੁਜ਼ਗਾਰ ਮਿਲੇਗਾ ਤਾਂ | ਇਸ ਲਈ ਗਦਰੀ ਬਾਬਿਆਂ ਦੇ ਸੁਪਨਿਆਂ ਦਾ ਜੇ ਸਮਾਜ ਉਸਰਿਆ ਹੁੰਦਾ ਤਾਂ ਹਰੇਕ ਵਿਅਕਤੀ ਨੂੰ ਰੁਜ਼ਗਾਰ ਮਿਲਿਆ ਹੋਣਾ ਸੀ | ਇਸ ਲਈ ਅੱਜ ਦੀ ਜਵਾਨੀ ਨੂੰ ਵਿਦੇਸ਼ਾਂ ਵੱਲ ਦੌੜਨ ਦੀ ਥਾਂ ਆਪਣਾ ਦੇਸ਼ ਗਦਰੀ ਦੇਸ਼ ਭਗਤਾਂ ਤੇ ਭਗਤ ਸਿੰਘ ਦੇ ਵਿਚਾਰਾਂ ਦਾ ਬਣਾਉਣਾ ਚਾਹੀਦਾ ਹੈ, ਤਾਂ ਹੀ ਸਾਡਾ ਭਵਿੱਖ ਖੁਸ਼ਹਾਲ ਹੋਵੇਗਾ | ਗਦਰੀਆਂ ਨੂੰ ਬਾਬਿਆਂ ਦਾ ਖਿਤਾਬ ਲੋਕਾਂ ਨੇ ਇਸ ਕਰਕੇ ਦਿੱਤਾ ਸੀ ਕਿ ਉਹ ਸੁੱਗੜ-ਸਿਆਣੇ ਸਨ, ਬਜ਼ੁਰਗ ਨਹੀਂ ਸਨ | ਏ ਆਈ ਐੱਸ ਅੱੈਫ ਦੇ ਕੌਮੀ ਕੌਂਸਲ ਮੈਂਬਰ ਲਵਪ੍ਰੀਤ ਸਿੰਘ ਮਾੜੀਮੇਘਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਹਾੜਾ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਪ੍ਰੋਗਰਾਮ ਦਾ ਮੁੱਖ ਸਲੋਗਨ ਹੈ ਕਿ ਹਰੇਕ ਵਿਅਕਤੀ ਨੂੰ ਰੁਜ਼ਗਾਰ ਦੇਣ ਲਈ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ | ਨਰੇਗਾ ਕੰਮ ਸਾਰਾ ਸਾਲ ਦਿੱਤਾ ਜਾਵੇ ਤੇ ਕੰਮ ਦਿਹਾੜੀ ਘੱਟੋ-ਘੱਟ 700 ਰੁਪਏ ਹੋਵੇ | ਕੈਂਪ ਵਿੱਚ ਫੈਸਲਾ ਹੋਇਆ ਕਿ ਜਲੰਧਰ ਵਿਖੇ ਹੁੰਮ-ਹੁਮਾ ਕੇ ਜਾਇਆ ਜਾਵੇਗਾ | ਟ੍ਰੇਨਿੰਗ ਕੈਂਪ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਵਲਟੋਹਾ, ਹਰਭਿੰਦਰ ਸਿੰਘ ਕਸੇਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭੁਪਿੰਦਰ ਲਮੋਚੜ, ਗੁਰਦਿਆਲ ਸਿੰਘ ਖਡੂਰ ਸਾਹਿਬ, ਗੁਰਬਿੰਦਰ ਸਿੰਘ ਸੋਹਲ, ਚਰਨ ਸਿੰਘ ਤਰਨ ਤਾਰਨ ਤੇ ਜਸਬੀਰ ਸਿੰਘ ਜਿਊਣਕੇ ਨੇ ਵੀ ਸੰਬੋਧਨ ਕੀਤਾ |


