ਨਵੀਂ ਦਿੱਲੀ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਨਵੇਂ ਸੰਸਦ ਭਵਨ ’ਚ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਪ੍ਰਲਾਹਦ ਜੋਸ਼ੀ, ਪਿਊਸ਼ ਗੋਇਲ, ਅਰਜੁਨ ਰਾਮ ਮੇਘਵਾਲ ਸਮੇਤ ਹੋਰ ਲੋਕ ਸ਼ਾਮਲ ਹੋਏ। ਹਾਲਾਂਕਿ ਪੋ੍ਰਗਰਾਮ ’ਚ ਕਾਂਗਰਸ ਪ੍ਰਮੁੱਖ ਅਤੇ ਰਾਜ ਸਭਾ ’ਚ ਆਪੋਜ਼ੀਸ਼ਨ ਨੇਤਾ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਮੌਜੂਦ ਨਹੀਂ ਸਨ। ਪ੍ਰੋਗਰਾਮ ’ਚ ਕਾਗਰਸ ਸਾਂਸਦ ਅਧੀਰ ਰੰਜਨ ਨੇ ਜ਼ਰੂਰ ਹਿੱਸਾ ਲਿਆ। ਜਦ ਪੱਤਰਕਾਰਾਂ ਨੇ ਅਧੀਰ ਰੰਜਨ ਚੌਧਰੀ ਤੋਂ ਖੜਗੇ ਅਤੇ ਰਾਹੁਲ ਗਾਂਧੀ ਦੀ ਗੈਰ-ਹਾਜ਼ਰੀ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾ ਕਿਹਾ, ‘ਮੈਂ ਇੱਥੇ ਮੌਜੂਦ ਹਾਂ, ਕੀ ਇਹ ਕਾਫ਼ੀ ਨਹੀਂ? ਜੇਕਰ ਮੈਂ ਕਿਸੇ ਕੰਮ ਦਾ ਨਹੀਂ ਹਾਂ, ਤਾਂ ਮੈਨੂੰ ਦੱਸ ਦਿਓ, ਮੈਂ ਇੱਥੋਂ ਚਲਾ ਜਾਵਾਂਗਾ।’ ਉਨ੍ਹਾ ਪੱਤਰਕਾਰਾਂ ਨੂੰ ਕਿਹਾ, ‘ਤੁਹਾਨੂੰ ਜੋ ਇੱਥੇ ਮੌਜੂਦ ਹੈ, ਉਸ ’ਤੇ ਧਿਆਨ ਦੇਣਾ ਚਾਹੀਦਾ।’ ਜ਼ਿਕਰਯੋਗ ਹੈ ਕਿ ਕਾਂਗਰਸ ਨੇ ਨਵੇਂ ਸੰਸਦ ਭਵਨ ’ਚ ਝੰਡਾ ਲਹਿਰਾਉਣ ਪ੍ਰੋਗਰਾਮ ਦਾ ਸੱਦਾ ਪੱਤਰ ਦੇਰ ਨਾਲ ਮਿਲਣ ਦਾ ਦੋਸ਼ ਲਾਇਆ। ਕਾਂਗਰਸ ਵੱਲੋਂ ਕਿਹਾ ਗਿਆ ਕਿ ਪਾਰਟੀ ਪ੍ਰਮੁੱਖ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਸੱਦਾ ਪੱਤਰ ਉਸ ਸਮੇਂ ਮਿਲਿਆ, ਜਦ ਉਹ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਹੈਦਰਾਬਾਦ ਮੌਜੂਦ ਸਨ।