ਇਸਲਾਮਾਬਾਦ : ਪਾਕਿਸਤਾਨ ’ਚ ਕਾਜ਼ੀ ਫੈਜ਼ ਈਸਾ ਨਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਆਰਿਫ ਅਲਵੀ ਨੇ ਇਸਲਾਮਾਬਾਦ ਦੇ ਏਵਾਨ ਏ ਸਦਰ ’ਚ ਇੱਕ ਸਮਾਰੋਹ ’ਚ ਉਨ੍ਹਾ ਨੂੰ ਅਹੁਦੇ ਦੀ ਸਹੁੰ ਦਿਵਾਈ। 63 ਸਾਲਾਂ ਦੇ ਸੀ ਜੇ ਪੀ ਕਾਜ਼ੀ ਦਾ ਕਾਰਜਕਾਲ 13 ਮਹੀਨਿਆਂ ਬਾਅਦ 25 ਅਕਤੂਬਰ ਨੂੰ ਸਮਾਪਤ ਹੋ ਜਾਵੇਗਾ। ਕਾਜ਼ੀ ਫੈਜ਼ ਈਸਾ ਦੇ 29ਵੇਂ ਚੀਫ਼ ਜਸਟਿਸ ਦੇ ਤੌਰ ’ਤੇ ਸਹੁੰ ਚੁੱਕ ਸਮਾਗਮ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੱਕੜ, ਫੌਜ ਮੁਖੀ ਜਨਰਲ ਆਸਿਮ ਮੁਨੀਰ, ਕਈ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ। ਜਦ ਉਨ੍ਹਾ ਦਾ ਸਹੁੰ ਚੁੱਕ ਸਮਾਗਮ ਚੱਲ ਰਿਹਾ ਸੀ ਤਾਂ ਜਸਟਿਸ ਕਾਜ਼ੀ ਫੈਜ਼ ਦੇ ਨਾਲ ਉਨ੍ਹਾ ਦੀ ਪਤਨੀ ਸਰੀਨਾ ਈਸਾ ਵੀ ਸਟੇਜ ’ਤੇ ਮੌਜੂਦ ਸੀ। ਇਹ ਪਿਛਲੀਆਂ ਰਵਾਇਤਾਂ ਤੋਂ ਵੱਖਰਾ ਸੀ, ਕਿਉਂਕਿ ਆਮ ਤੌਰ ’ਤੇ ਇਸ ਤਰ੍ਹਾਂ ਦੇ ਸਹੁੰ ਚੁੱਕ ਸਮਾਗਮਾਂ ਦੌਰਾਨ ਪਤੀ-ਪਤਨੀ ਸਮੇਤ ਪਰਵਾਰ ਦੇ ਕਰੀਬੀ ਮੈਂਬਰ ਨੂੰ ਅਗਲੀ ਲਾਈਨ ’ਚ ਬਿਠਾਇਆ ਜਾਂਦਾ ਹੈ। ਪਤਨੀ ਨੂੰ ਸਟੇਜ ਤੱਕ ਆਪਣੇ ਨਾਲ ਲਿਜਾਣ ਲਈ ਜਸਟਿਸ ਈਸਾ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਪਾਕਿਸਤਾਨ ਸੁਪਰੀਮ ਕੋਰਟ ’ਚ ਇਸ ਸਮੇਂ 56 ਹਜ਼ਾਰ ਤੋਂ ਜ਼ਿਆਦਾ ਮਾਮਲੇ ਲਟਕੇ ਪਏ ਹਨ।
ਇਮਰਾਨ ਖਾਨ ਦੇ ਕਰੀਬੀ ਮੰਨੇ ਜਾਣ ਵਾਲੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਰਿਟਾਇਰਡ ਹੋ ਗਏ ਹਨ, ਜਿਨ੍ਹਾ ਵਾਰ-ਵਾਰ ਇਮਰਾਨ ਖਾਨ ਨੂੰ ਕਾਨੂੰਨੀ ਮੁਸੀਬਤਾਂ ਤੋਂ ਬਚਾਇਆ ਸੀ।