ਨਵੀਂ ਦਿੱਲੀ : ਭਾਰਤ ਦਾ ਚੰਦ ਦੇ ਦੱਖਣੀ ਧਰੁਵ ’ਤੇ ਉਤਰਨ ਦਾ ਸੁਪਨਾ 23 ਅਗਸਤ ਨੂੰ ਪੂਰਾ ਹੋ ਗਿਆ। ਇਸ ਦੇ ਨਾਲ ਹੀ ਚੰਦ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ। ਜਦ ਇਸਰੋ ਨੇ ਚੰਦ ’ਤੇ ਆਪਣਾ ਰੋਵਰ ਉਤਾਰਿਆ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫਰੀਕਾ ’ਚ ਬਿ੍ਰਕਸ ਸੰਮੇਲਨ ’ਚ ਸਨ। ਜਦ ਮੋਦੀ ਸੰਬੋਧਨ ਕਰ ਰਹੇ ਸਨ ਤਾਂ ਉਸੇ ਹੀ ਸਮੇਂ ਚੰਦਰਯਾਨ ਲਈ ਲਾਂਚ ਪੈਡ ਬਣਾਉਣ ਵਾਲੇ ਮੁਲਾਜ਼ਮ ਆਪਣੀ 18 ਮਹੀਨਿਆਂ ਦੀ ਤਨਖਾਹ ਦੇ ਬਕਾਏ ਲਈ ਅੰਦੋਲਨ ਕਰ ਰਹੇ ਸਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰਾਂਚੀ ਦੇ ਧਰੁਵਾ ਸਥਿਤ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਟਿਡ ਦੇ 2800 ਮੁਲਾਜ਼ਮਾਂ ਨੂੰ ਬੀਤੇ 18 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਸੰਸਥਾਨ ਨੇ ਚੰਦਰਯਾਨ ਲਈ 810 ਟਨ ਦੇ ਲਾਂਚ ਪੈਡ ਤੋਂ ਇਲਾਵਾ ਫੋਲਡਿੰਗ ਪਲੇਟਫਾਰਮ, ਡਬਲਿਯੂ ਬੀ ਐੱਸ, ਸਲਾਈਡਿੰਗ ਡੋਰ ਵੀ ਬਣਾਇਆ। ਐੱਚ ਈ ਸੀ ਦੇ ਟੈਕਨੀਸ਼ੀਅਨ ਦੀਪਕ ਕੁਮਾਰ ਉਪਰਾਰੀਆ ਪਿਛਲੇ ਕਈ ਦਿਨਾਂ ਤੋਂ ਇਡਲੀ ਵੇਚ ਕੇ ਆਪਣੇ ਘਰ ਦਾ ਖਰਚਾ ਚਲਾ ਰਹੇ ਹਨ। ਉਹ ਸਵੇਰੇ ਆਉਂਦੇ ਹਨ ਤੇ ਰਾਂਚੀ ਦੇ ਧਰੁਵਾ ਇਲਾਕੇ ’ਚ ਪੁਰਾਣਾ ਵਿਧਾਨ ਸਭਾ ਦੇ ਸਾਹਮਣੇ ਆਪਣੀ ਦੁਕਾਨ ਸਜਾ ਲੈਂਦੇ ਹਨ ਤੇ ਸਵੇਰੇ-ਸਵੇਰੇ ਇਡਲੀ ਵੇਚਦੇ ਹਨ ਤੇ ਦੁਪਹਿਰ ਨੂੰ ਦਫ਼ਤਰ ਜਾਂਦੇ ਹਨ। ਸ਼ਾਮ ਨੂੰ ਫਿਰ ਇਡਲੀ ਵੇਚ ਕੇ ਘਰ ਜਾਂਦੇ ਹਨ। ਦੀਪਕ ਬੜੇ ਦੁੱਖ ਨਾਲ ਕਹਿੰਦੇ ਹਨ ਕਿ ਪਹਿਲਾਂ ਉਸ ਨੇ ਕੈ੍ਰਡਿਟ ਕਾਰਡ ਨਾਲ ਆਪਣਾ ਘਰ ਚਲਾਇਆ, ਉਸ ਨਾਲ ਦੋ ਲੱਖ ਦਾ ਕਰਜ਼ਾਈ ਹੋ ਗਿਆ ਤੇ ਮੈਨੂੰ ਬੈਂਕ ਨੇ ਡਿਫਾਲਟਰ ਐਲਾਨ ਦਿੱਤਾ। ਇਸ ਤੋਂ ਬਾਅਦ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਘਰ ਚਲਾਉਣ ਲੱਗਾ। ਹੁਣ ਤੱਕ ਚਾਰ ਲੱਖ ਰੁਪਏ ਦਾ ਕਰਜ਼ਾ ਹੋ ਚੁੱਕਾ ਹੈ, ਮੇਰੇ ਕੋਲੋਂ ਲੋਕਾਂ ਦੇ ਪੈਸੇ ਵਾਪਸ ਨਹੀਂ ਦੇ ਹੋ ਰਹੇ, ਇਸ ਲਈ ਹੁਣ ਮੈਨੂੰ ਲੋਕ ਪੈਸੇ ਉਧਾਰ ਵੀ ਨਹੀਂ ਦਿੰਦੇ। ਇਸ ਲਈ ਹੁਣ ਹਾਰ ਕੇ ਚਾਹ, ਇਡਲੀ ਦੀ ਦੁਕਾਨ ਖੋਲ੍ਹ ਲਈ। ਪਤਨੀ ਇਡਲੀ ਬਣਾਉਂਦੀ ਹੈ। ਇਸ ਦੁਕਾਨ ਤੋਂ ਹਰ ਦਿਨ ਕਰੀਬ 300 ਤੋਂ 400 ਰੁਪਏ ਦੀ ਇਡਲੀ ਵੇਚ ਰਿਹਾ ਹਾਂ, ਇਸ ਤੋਂ ਕਦੀ 100 ਤਾਂ ਕਦੀ 50 ਰੁਪਏ ਲਾਭ ਹੋ ਜਾਂਦਾ ਹੈ, ਕਿਸੇ ਤਰ੍ਹਾਂ ਘਰ ਚੱਲ ਰਿਹਾ ਹੈ। ਦੀਪਕ ਨੇ 2012 ’ਚ ਇੱਕ ਨਿੱਜੀ ਕੰਪਨੀ ’ਚ 25 ਹਜ਼ਾਰ ਰੁਪਏ ਮਹੀਨੇ ਵਾਲੀ ਨੌਕਰੀ ਛੱਡ ਕੇ ਕੇ ਐੱਚ ਈ ਸੀ ’ਚ ਅੱਠ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ’ਤੇ ਨੌਕਰੀ ਜੁਆਇਨ ਕੀਤੀ ਸੀ। ਇਸ ਉਮੀਦ ’ਚ ਕਿ ਸਰਕਾਰੀ ਕੰਪਨੀ ਹੈ, ਭਵਿੱਖ ਚੰਗਾ ਰਹੇਗਾ, ਪਰ ਹੁਣ ਸਭ ਕੁਝ ਹਨੇਰੇ ’ਚ ਨਜ਼ਰ ਆ ਰਿਹਾ ਹੈ। ਇਹ ਹਾਲ ਦੀਪਕ ਦਾ ਨਹੀਂ, ਇਸ ਤਰ੍ਹਾਂ ਐਚ ਈ ਸੀ ਨਾਲ ਜੁੜੇ ਬਹੁਤ ਸਾਰੇ ਹੋਰ ਲੋਕ ਵੀ ਇਸ ਤਰ੍ਹਾਂ ਕੋਈ ਸਮੋਸੇ, ਕੋਈ ਚਾਹ ਦੀ ਦੁਕਾਨ ਤੇ ਕੋਈ ਹੋਰ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਕਰਕੇ ਕਿਸੇ ’ਤੇ 4 ਲੱਖ ਤੇ ਕਿਸੇ ’ਤੇ 6 ਲੱਖ ਦਾ ਕਰਜ਼ਾ ਚੜ੍ਹਿਆ ਹੈ। ਇਹ ਹੈ ਭਾਰਤ ਦੇਸ਼ ਸਾਡਾ!