ਹੈਦਰਾਬਾਦ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਏਕਤਾ ਤੇ ਜਥੇਬੰਦਕ ਜ਼ਾਬਤੇ ’ਤੇ ਜ਼ੋਰ ਦਿੰਦਿਆਂ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਨਿੱਜੀ ਮੱਤਭੇਦ ਪਾਸੇ ਰੱਖ ਕੇ ਲੋਕ ਸਭਾ ਚੋਣਾਂ ਵਿਚ ਵਿਰੋਧੀਆਂ ਨਾਲ ਪੂਰੀ ਤਾਕਤ ਨਾਲ ਸਿੱਝਣ। ਇੱਥੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਦੂਜੇ ਦਿਨ ਦੇ ਵਿਚਾਰ-ਵਟਾਂਦਰਿਆਂ ਦੌਰਾਨ ਉਨ੍ਹਾ ਕਿਹਾ ਕਿ ਪਾਰਟੀ ਦਾ ਨਿਸ਼ਾਨਾ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰ ਹਾਲਤ ਵਿਚ ਹਰਾਉਣਾ ਤੇ ਦੇਸ਼ ਵਿਚ ਬਦਲਵੀਂ ਸਰਕਾਰ ਬਣਾਉਣ ਲਈ ਤਨਦੇਹੀ ਨਾਲ ਕੰਮ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜਮਹੂਰੀਅਤ ਨੂੰ ਬਚਾਉਣ ਲਈ ਇਕੱਠੇ ਹੋ ਕੇ ਤਾਨਾਸ਼ਾਹ ਸਰਕਾਰ ਨੂੰ ਉਖਾੜ ਦਿਓ। ਹਰ ਕਿਸੇ ਦੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਦੇ ਰਹਿੰਦੇ ਹਨ, ਪਰ ਨਿੱਜੀ ਹਿੱਤਾਂ ਲਈ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ। ਕੋਈ ਵੀ ਅਨੁਸ਼ਾਸਨ ਤੋਂ ਬਿਨਾਂ ਆਗੂ ਨਹੀਂ ਬਣ ਸਕਦਾ ਤੇ ਲੋਕ ਆਗੂਆਂ ਦੀ ਉਦੋਂ ਹੀ ਮੰਨਣਗੇ, ਜਦੋਂ ਉਹ ਖੁਦ ਅਨੁਸ਼ਾਸਤ ਹੋਣਗੇ।
ਖੜਗੇ ਨੇ ਕਿਹਾ ਕਿ 2024 ਵਿਚ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਹੈ, ਇਸ ਮੌਕੇ ਉਨ੍ਹਾ ਨੂੰ ਢੁੱੱਕਵੀਂ ਸ਼ਰਧਾਂਜਲੀ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਹੋਵੇਗੀ।
ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਖੜਗੇ ਨੇ ਕਿਹਾ ਕਿ ਉਹ ਨਵੇਂ-ਨਵੇਂ ਮੁੱਦੇ ਉਠਾ ਕੇ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਭਟਕਾ ਰਹੀ ਹੈ। ਪਾਰਟੀ ਆਗੂ ਅਜਿਹੇ ਭਟਕਾਉਣ ਵਾਲੇ ਮੁੱਦਿਆਂ ਤੋਂ ਬਚਣ ਤੇ ਅਸਲ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨ। ਉਨ੍ਹਾ ਕਿਹਾ ਕਿ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਦੀ ਹਾਲ ਹੀ ਵਿਚ ਮੁੰਬਈ ਵਿਚ ਹੋਈ ਮੀਟਿੰਗ ਵੇਲੇ ਮੋਦੀ ਸਰਕਾਰ ਨੇ ‘ਇਕ ਰਾਸ਼ਟਰ, ਇਕ ਚੋਣ’ ਨੂੰ ਅਮਲ ਵਿਚ ਲਿਆਉਣ ਲਈ ਕਮੇਟੀ ਬਣਾਈ। ਆਪਣਾ ਏਜੰਡਾ ਲਾਗੂ ਕਰਨ ਲਈ ਸਾਰੀਆਂ ਰਵਾਇਤਾਂ ਨੂੰ ਛਿੱਕੇ ਟੰਗ ਕੇ ਸਾਬਕਾ ਰਾਸ਼ਟਰਪਤੀ ਨੂੰ ਇਸ ਵਿਚ ਸ਼ਾਮਲ ਕਰ ਦਿੱਤਾ। ਉਨ੍ਹਾ ਆਗੂਆਂ ਨੂੰ ਕਿਹਾ ਕਿ ਉਹ ਵੋਟਰਾਂ ਦੇ ਸੰਪਰਕ ਵਿਚ ਰਹਿਣ ਅਤੇ ਵਿਰੋਧੀਆਂ ਵੱਲੋਂ ਪੇਸ਼ ਕੀਤੇ ਜਾ ਰਹੇ ਗਲਤ ਬਿਆਨੀਏ ਦਾ ਤੱਥਾਂ ਨਾਲ ਤੁਰੰਤ ਜਵਾਬ ਦੇਣ।
ਉਨ੍ਹਾ ਕਿਹਾ ਕਿ ਪੰਜ ਰਾਜਾਂ ਵਿਚ ਦੋ-ਤਿੰਨ ਮਹੀਨਿਆਂ ਵਿਚ ਅਸੰਬਲੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਛੇ ਮਹੀਨਿਆਂ ਬਾਅਦ ਲੋਕ ਸਭਾ ਚੋਣਾਂ ਵੀ ਹੋਣੀਆਂ ਹਨ। ਪਾਰਟੀ ਨੂੰ ਜੰਮੂ-ਕਸ਼ਮੀਰ ਦੀ ਅਸੰਬਲੀ ਚੋਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਲੋਕ ਬਦਲ ਚਾਹੁੰਦੇ ਹਨ ਅਤੇ ਹਿਮਾਚਲ ਤੇ ਕਰਨਾਟਕ ਅਸੰਬਲੀ ਦੇ ਨਤੀਜੇ ਇਸ ਦਾ ਸਪੱਸ਼ਟ ਸਬੂਤ ਹਨ। ਉਨ੍ਹਾ ਕਿਹਾ-ਸੁਸਤਾਉਣ ਦਾ ਵਕਤ ਨਹੀਂ। ਨਿੱਜੀ ਹਿੱਤ ਪਾਸੇ ਰੱਖ ਕੇ ਅਣਥੱਕ ਮਿਹਨਤ ਕਰਨ ਦਾ ਵੇਲਾ ਹੈ।
ਖੜਗੇ ਨੇ ਆਗੂਆਂ ਨੂੰ ਨਸੀਹਤ ਦਿੱਤੀ ਕਿ ਸੰਜਮ ਵਰਤਣ ਅਤੇ ਪਾਰਟੀ ਆਗੂਆਂ ਤੇ ਪਾਰਟੀ ਖਿਲਾਫ ਬਿਆਨ ਦੇਣ ਲਈ ਮੀਡੀਆ ਵੱਲ ਨਾ ਭੱਜਣ। ਉਨ੍ਹਾ ਕਿਹਾ ਕਿ ਅੱਗੇ ਵੱਡੇ ਚੈਲੰਜ ਹਨ। ਇਹ ਸਿਰਫ ਕਾਂਗਰਸ ਲਈ ਹੀ ਨਹੀਂ, ਭਾਰਤੀ ਜਮਹੂਰੀਅਤ ਦੇ ਬਚਾਅ ਅਤੇ ਭਾਰਤੀ ਸੰਵਿਧਾਨ ਦੀ ਰਾਖੀ ਦੇ ਚੈਲੰਜ ਵੀ ਹਨ।
ਉਨ੍ਹਾ ਸੂਬਾ ਪ੍ਰਧਾਨਾਂ ਤੇ ਅਸੰਬਲੀਆਂ ’ਚ ਪਾਰਟੀ ਆਗੂਆਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀਆਂ ਮੰਡਲ, ਬਲਾਕ ਤੇ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਤਿਆਰ ਹਨ? ਕੀ ਅਸੀਂ ਰੈਗੂਲਰ ਪ੍ਰੋਗਰਾਮ ਦੇ ਰਹੇ ਹਾਂ? ਕੀ ਅਸੀਂ ਸੰਭਾਵਤ ਉਮੀਦਵਾਰਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ? ਉਨ੍ਹਾ ਕਿਹਾ-ਸੁਸਤਾਉਣ ਦਾ ਵਕਤ ਨਹੀਂ। ਭਾਜਪਾ ਦੇ 10 ਸਾਲ ਦੇ ਰਾਜ ਵਿਚ ਆਮ ਆਦਮੀ ਲਈ ਚੈਲੰਜ ਕਈ ਗੁਣਾ ਵਧ ਚੁੱਕੇ ਹਨ। ਪ੍ਰਧਾਨ ਮੰਤਰੀ ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਮਹਿਲਾਵਾਂ ਤੇ ਨੌਜਵਾਨਾਂ ਦੇ ਮਸਲੇ ਸੁਣਨ ਲਈ ਤਿਆਰ ਨਹੀਂ। ਉਹਨਾ ਨੂੰ ਆਪਣੇ ਤੋਂ ਇਲਾਵਾ ਕੁਝ ਨਹੀਂ ਦਿਸਦਾ। ਇਨ੍ਹਾਂ ਹਾਲਤਾਂ ਵਿਚ ਅਸੀਂ ਖਾਮੋਸ਼ ਤਮਾਸ਼ਾਈ ਨਹੀਂ ਬਣੇ ਰਹਿ ਸਕਦੇ।
ਉਨ੍ਹਾ ਕਿਹਾ-ਤਿਲੰਗਾਨਾ ਤੋਂ ਅਸੀਂ ਨਵੀਂ ਤਾਕਤ ਤੇ ਸਪੱਸ਼ਟ ਸੁਨੇਹੇ ਨਾਲ ਵਧਾਂਗੇ। ਅਸੀਂ ਅੱਜ ਹੈਦਰਾਬਾਦ ਇਸ ਪੱਕੇ ਪ੍ਰਣ ਨਾਲ ਛੱਡਾਂਗੇ ਕਿ ਨਾ ਸਿਰਫ ਤਿਲੰਗਾਨਾ ਦੀ ਅਸੰਬਲੀ ਚੋਣ ਜਿੱਤਣੀ ਹੈ, ਸਗੋਂ ਆਉਦੀਆਂ ਸਾਰੀਆਂ ਚੋਣਾਂ ਜਿੱਤ ਕੇ ਲੋਕਾਂ ਨੂੰ ਭਾਜਪਾ ਦੇ ਮਾੜੇ ਰਾਜ ਤੋਂ ਛੁਟਕਾਰਾ ਦਿਵਾਉਣਾ ਹੈ। ਵਰਕਿੰਗ ਕਮੇਟੀ ਦੀ ਮੀਟਿੰਗ ਇਹ ਮਤਾ ਪਾਸ ਕਰਕੇ ਖਤਮ ਹੋਈ ਕਿ ਉਸ ਨੂੰ ਵਿਸ਼ਵਾਸ ਹੈ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਤੇ ਤਿਲੰਗਾਨਾ ਅਸੰਬਲੀ ਚੋਣਾਂ ਵਿਚ ਲੋਕ ਕਾਂਗਰਸ ਦੇ ਹੱਕ ਵਿਚ ਫੈਸਲਾਕੁੰਨ ਫਤਵਾ ਦੇਣਗੇ। ਲੋਕ ਤਬਦੀਲੀ ਚਾਹੁੰਦੇ ਹਨ ਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲਾਂਭੇ ਕਰ ਦੇਣਗੇ।