ਕਈ ਲੋਕ ਮੰਨਦੇ ਹਨ ਕਿ ਖੇਤੀ ਦੀ ਖੋਜ ਨਾਲ ਮਹਿਲਾਵਾਂ ਨੇੜਿਓਂ ਜੁੜੀਆਂ ਰਹੀਆਂ ਹਨ। ਕਈ ਸਮਾਜੀ ਵਿਗਿਆਨੀ ਤਾਂ ਮੰਨਦੇ ਹਨ ਕਿ ਮਹਿਲਾਵਾਂ ਨੇ ਹੀ ਖੇਤੀ ਦੀ ਖੋਜ ਕੀਤੀ ਹੋਵੇਗੀ। ਇਸ ਵੇਲੇ ਦੁਨੀਆ ਵਿਚ 40 ਕਰੋੜ ਤੋਂ ਵੱਧ ਮਹਿਲਾਵਾਂ ਖੇਤੀ ਦੇ ਕੰਮਾਂ ਵਿਚ ਲੱਗੀਆਂ ਹੋਈਆਂ ਹਨ, ਪਰ 90 ਤੋਂ ਵੱਧ ਦੇਸ਼ਾਂ ਵਿਚ ਉਨ੍ਹਾਂ ਕੋਲ ਜ਼ਮੀਨ ਦੀ ਮਾਲਕੀ ਵਿਚ ਬਰਾਬਰੀ ਦੇ ਹੱਕ ਨਹੀਂ ਹਨ। ਮੈਰੀਲੈਂਡ ਯੂਨੀਵਰਸਿਟੀ ਤੇ ਨੈਸ਼ਨਲ ਕੌਂਸਲ ਆਫ ਇੰਪਲਾਇਡ ਇਕਨਾਮਿਕ ਰਿਸਰਚ ਨੇ 2018 ਵਿਚ ਜਿਹੜੇ ਅੰਕੜੇ ਜਾਰੀ ਕੀਤੇ ਸਨ, ਉਨ੍ਹਾਂ ਮੁਤਾਬਕ ਭਾਰਤ ਵਿਚ ਖੇਤੀ ’ਚ ਕੁੱਲ ਕਿਰਤ ਸ਼ਕਤੀ ਦਾ 42 ਫੀਸਦੀ ਮਹਿਲਾਵਾਂ ਹਨ, ਪਰ ਉਹ ਦੋ ਫੀਸਦੀ ਤੋਂ ਵੀ ਘੱਟ ਜ਼ਮੀਨ ਦੀਆਂ ਮਾਲਕ ਹਨ। ‘ਸਨ ਆਫ ਦੀ ਸਾਇਲ’ ਸਿਰਲੇਖ ਨਾਲ 2018 ਵਿਚ ਆਏ ਆਕਸਫੇਮ ਇੰਡੀਆ ਦੇ ਸਰਵੇ ਮੁਤਾਬਕ ਖੇਤੀ-ਕਿਸਾਨੀ ਨਾਲ ਹੋਣ ਵਾਲੀ ਆਮਦਨ ’ਤੇ ਸਿਰਫ 8 ਫੀਸਦੀ ਮਹਿਲਾਵਾਂ ਨੂੰ ਹੀ ਅਧਿਕਾਰ ਨਸੀਬ ਹੈ।
2011 ਦੀ ਜਨਗਣਨਾ ਮੁਤਾਬਕ ਭਾਰਤ ਵਿਚ ਮਹਿਲਾ ਕਿਸਾਨਾਂ (ਮੁੱਖ ਤੌਰ ’ਤੇ ਖੇਤੀ-ਕਿਸਾਨੀ ’ਤੇ ਨਿਰਭਰ ਤੇ ਸੀਮਾਂਤ) ਦੀ ਗਿਣਤੀ 3 ਕਰੋੜ 60 ਲੱਖ ਸੀ, ਜਦਕਿ ਮਹਿਲਾ ਖੇਤ ਮਜ਼ਦੂਰਾਂ (ਮੁੱਖ ਤੌਰ ’ਤੇ ਖੇਤੀ-ਕਿਸਾਨੀ ’ਤੇ ਨਿਰਭਰ ਤੇ ਸੀਮਾਂਤ) ਦੀ ਗਿਣਤੀ 6 ਕਰੋੜ 15 ਲੱਖ ਸੀ। ਖੇਤਾਂ ਵਿਚ ਜਿੱਥੇ 5-9 ਸਾਲ ਦੀ ਉਮਰ ਦੀਆਂ ਬੱਚੀਆਂ ਵੀ ਮਜ਼ਦੂਰੀ ਕਰਦੀਆਂ ਹਨ, ਉਥੇ 80 ਸਾਲ ਤੋਂ ਵੱਧ ਉਮਰ ਦੀਆਂ ਲੱਖਾਂ ਮਹਿਲਾਵਾਂ ਵੀ ਮਜ਼ਦੂਰੀ ਲਈ ਮਜਬੂਰ ਹਨ। ਜ਼ਿਆਦਾਤਰ ਸਮਾਜੀ ਤੌਰ ’ਤੇ ਵੰਚਿਤ ਤਬਕੇ ਦੀਆਂ ਮਹਿਲਾਵਾਂ ਖੇਤੀ ਮਜ਼ਦੂਰੀ ਕਰਦੀਆਂ ਹਨ। 81 ਫੀਸਦੀ ਮਹਿਲਾ ਖੇਤ ਮਜ਼ਦੂਰ ਅਨੁਸੂਚਿਤ ਜਾਤੀ, ਜਨ-ਜਾਤੀ ਤੇ ਹੋਰਨਾਂ ਪੱਛੜੇ ਤਬਕਿਆਂ ਤੋਂ ਹਨ ਤੇ ਉਨ੍ਹਾਂ ਵਿੱਚੋਂ 83 ਫੀਸਦੀ ਬੇਜ਼ਮੀਨੀਆਂ ਹਨ ਜਾਂ ਛੋਟੇ ਤੇ ਸੀਮਾਂਤ ਕਿਸਾਨਾਂ ਤੇ ਬਟਾਈਦਾਰਾਂ ਦੇ ਪਰਵਾਰਾਂ ਨਾਲ ਸੰਬੰਧਤ ਹਨ।
ਖੇਤ ਮਜ਼ਦੂਰਾਂ ਦੇ ਕੰਮ ਤੇ ਉਨ੍ਹਾਂ ਦੀਆਂ ਕੰੰਮ ਵਾਲੀਆਂ ਥਾਵਾਂ ਨੂੰ ਨਿਯਮਤ ਕਰਨ ਲਈ ਨਾ ਕੋਈ ਕਾਨੂੰਨ ਹੈ ਤੇ ਨਾ ਕੋਈ ਢਾਂਚਾ। ਸਮਾਜੀ ਸੁਰੱਖਿਆ ਨਾਂਅ ਦੀ ਕੋਈ ਵੀ ਚੀਜ਼ ਨਹੀਂ ਹੈ। ਕੰਮ ਦੇ ਦਿਨਾਂ ਵਿਚ ਕਮੀ ਦੇ ਚਲਦਿਆਂ ਬਿਜਾਈ ਤੇ ਵਾਢੀ ਦੇ ਸਮੇਂ ਖੇਤ ਮਜ਼ਦੂਰ ਲਗਾਤਾਰ ਕੰਮ ਕਰਨ ਲਈ ਮਜਬੂਰ ਹੈ। ਗਰਭਵਤੀ ਹੋਣ ਦੇ ਬਾਵਜੂਦ ਮਹਿਲਾ ਖੇਤ ਮਜ਼ਦੂਰਾਂ ਨੂੰ ਗਰਭ ਅਵਸਥਾ ਦੇ ਆਖਰੀ ਦਿਨਾਂ ਤੱਕ ਕੰਮ ਕਰਨਾ ਪੈਂਦਾ ਹੈ ਤੇ ਬੱਚੇ ਨੂੰ ਜਨਮ ਦੇਣ ਦੇ ਕੁਝ ਦਿਨਾਂ ਬਾਅਦ ਫਿਰ ਕੰਮ ’ਤੇ ਪਰਤਣ ਲਈ ਮਜਬੂਰ ਹੋਣਾ ਪੈਂਦਾ ਹੈ। ਮਹਿਲਾ ਖੇਤ ਮਜ਼ਦੂਰਾਂ ਲਈ ਮਾਹਵਾਰੀ ਵੀ ਸਰਾਪ ਵਰਗੀ ਹੁੰਦੀ ਹੈ। ਦੇਸ਼ ਨੂੰ ਅੰਨ ਵਿਚ ਆਤਮ ਨਿਰਭਰ ਬਣਾਉਣ ਵਿਚ ਮਹਿਲਾ ਖੇਤ ਮਜ਼ਦੂਰਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ, ਫਿਰ ਵੀ ਇਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਤਬਦੀਲੀ ਨਹੀਂ ਆਈ। ਅੱਜ ਵੀ ਇਹ ਬਿਨਾਂ ਪਛਾਣ ਦੇ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਦੀਆਂ ਇੱਛਾਵਾਂ ਤੇ ਸੱਧਰਾਂ ਦੀ ਕਿਸੇ ਨੂੰ ਚਿੰਤਾ ਨਹੀਂ।
ਮਹਿਲਾ ਮਜ਼ਦੂਰਾਂ ਦੀ ਜ਼ਿੰਦਗੀ ਤਾਂ ਹੀ ਬਿਹਤਰ ਹੋਵੇਗੀ, ਜਦੋਂ ਉਤਪਾਦਨ ਪ੍ਰਣਾਲੀ ਵਿਚ ਉਨ੍ਹਾਂ ਦੀ ਭੂਮਿਕਾ ਦੀ ਪਛਾਣ ਕੀਤੀ ਜਾਵੇਗੀ। ਦੇਸ਼ ਦੇ ਮਹਿਲਾ ਅੰਦੋਲਨਾਂ ਵਿਚ ਮਹਿਲਾ ਖੇਤ ਮਜ਼ਦੂਰਾਂ ਦੇ ਬੁਨਿਆਦੀ ਮੁੱਦੇ ਛੁੱਟ ਜਾਂਦੇ ਹਨ ਤੇ ਮਜ਼ਦੂਰ ਅੰਦੋਲਨ ਵੀ ਇਨ੍ਹਾਂ ਨੂੰ ਉਭਾਰਨ ’ਚ ਪਿੱਛੇ ਰਹਿ ਜਾਂਦਾ ਹੈ। ਇਸ ਲਈ ਮਹਿਲਾ ਮਜ਼ਦੂਰਾਂ ਨੂੰ ਖੁਦ ਹੀ ਜਥੇਬੰਦ ਹੋਣਾ ਪਵੇਗਾ। ਆਪਣੇ ਉਤਪਾਦਕ ਵਰਗ ਵਿਚ ਆਪਣੀ ਅਹਿਮੀਅਤ ਪਛਾਣਦਿਆਂ ਆਪਣੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਅੰਦੋਲਨ ਦੇ ਅੰਦਰ ਤੇ ਸਰਕਾਰਾਂ ਦੇ ਸਾਹਮਣੇ ਉਠਾਉਣਾ ਪਵੇਗਾ।