ਅਸਾਸੇ ਘਟ ਗਏ, ਦੇਣਦਾਰੀਆਂ ਵਧ ਗਈਆਂ

0
202

ਘਰੇਲੂ ਬੱਚਤ 50 ਸਾਲ ਦੇ ਹੇਠਲੇ ਪੱਧਰ ’ਤੇ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੀ ਘਰੇਲੂ ਅਸਾਸੇ ਤੇ ਦੇਣਦਾਰੀਆਂ ਬਾਰੇ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਵਿਚ ਘਰੇਲੂ ਬਚਤ 50 ਸਾਲ ਦੇ ਹੇਠਲੇ ਪੱਧਰ ’ਤੇ ਆ ਗਈ ਹੈ।
2022-23 ਵਿਚ ਕੁਲ ਘਰੇਲੂ ਬਚਤ ਡਿੱਗ ਕੇ 5.1 ਫੀਸਦੀ ’ਤੇ ਆ ਗਈ। ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਦੇ ਹਿਸਾਬ ਨਾਲ ਇਸ ਸਾਲ ਭਾਰਤ ਦੀ ਸ਼ੁੱਧ ਬਚਤ ਡਿੱਗ ਕੇ 13.77 ਲੱਖ ਕਰੋੜ ਰਹਿ ਗਈ। ਇਹ ਬੀਤੇ 50 ਸਾਲ ਵਿਚ ਸਭ ਤੋਂ ਘੱਟ ਹੈ। ਇਕ ਸਾਲ ਪਹਿਲਾਂ ਇਹ 7.2 ਫੀਸਦੀ ਸੀ। ਇਸ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਲੋਕਾਂ ਦੀ ਆਮਦਨੀ ਵਿਚ ਕਾਫੀ ਕਮੀ ਆਈ ਹੈ। ਕੋਰੋਨਾ ਕਾਲ ਦੇ ਬਾਅਦ ਲੋਕਾਂ ਦੀ ਖਪਤ ਵਿਚ ਵਾਧਾ ਹੋਇਆ ਹੈ। ਉਹ ਬਚਾਉਣ ਦੀ ਥਾਂ ਖਰਚ ਵੱਧ ਕਰਨ ਲੱਗੇ ਹਨ।
ਰਿਪੋਰਟ ਨੇ ਇਹ ਚਿੰਤਾਜਨਕ ਇਸ਼ਾਰਾ ਕੀਤਾ ਹੈ ਕਿ ਲੋਕਾਂ ਦੀਆਂ ਮਾਲੀ ਦੇਣਦਾਰੀਆਂ ਤੇਜ਼ੀ ਨਾਲ ਵਧੀਆਂ ਹਨ। 2022-23 ਵਿਚ ਇਹ ਜੀ ਡੀ ਪੀ ਦੇ 5.8 ਫੀਸਦੀ ਤੱਕ ਪੁੱਜ ਗਈਆਂ। ਇਕ ਸਾਲ ਪਹਿਲਾਂ ਸਿਰਫ 3.8 ਫੀਸਦੀ ਸਨ। ਲੋਕ ਜ਼ਮੀਨ, ਮਕਾਨ, ਦੁਕਾਨ ਤੇ ਹੋਰ ਘਰੇਲੂ ਚੀਜ਼ਾਂ ਲਈ ਜ਼ਿਆਦਾ ਕਰਜ਼ਾ ਲੈ ਰਹੇ ਹਨ। ਆਜ਼ਾਦੀ ਦੇ ਬਾਅਦ ਇਹ ਦੂਜਾ ਮੌਕਾ ਹੈ, ਜਦ ਲੋਕਾਂ ਦੀਆਂ ਮਾਲੀ ਦੇਣਦਾਰੀਆਂ ਏਨੀ ਤੇਜ਼ੀ ਨਾਲ ਵਧੀਆਂ ਹਨ। ਇਸ ਤੋਂ ਪਹਿਲਾਂ 2006-07 ਵਿਚ ਇਹ ਦਰ 6.7 ਫੀਸਦੀ ਸੀ।
ਘਰੇਲੂ ਅਸਾਸੇ ਤੇਜ਼ੀ ਨਾਲ ਘਟੇ ਹਨ। 2020-21 ਵਿਚ ਸ਼ੁੱਧ ਘਰੇਲੂ ਸੰਪਤੀ 22.8 ਲੱਖ ਕਰੋੜ ਦੀ ਸੀ, ਜੋ 2021-22 ਵਿਚ 16.96 ਲੱਖ ਕਰੋੜ ਤੱਕ ਡਿੱਗ ਗਈ। 2022-23 ਵਿਚ ਤਾਂ ਇਹ 13.76 ਲੱਖ ਕਰੋੜ ’ਤੇ ਆ ਗਈ। ਬਚਤ ਘਟਣ ਤੇ ਕਰਜ਼ ਵਧਣ ਪਿੱਛੇ ਮਹਿੰਗਾਈ ਦਾ ਵੱਡਾ ਹੱਥ ਹੈ।

LEAVE A REPLY

Please enter your comment!
Please enter your name here