ਕੈਨੇਡਾ-ਭਾਰਤ ਵਿਚਾਲੇ ਖੜਕੀ

0
147

ਟੋਰਾਂਟੋ/ਨਵੀਂ ਦਿੱਲੀ : ਕੈਨੇਡਾ ਤੇ ਭਾਰਤ ਵਿਚਾਲੇ ਰਿਸ਼ਤੇ ਕਾਫੀ ਵਿਗੜ ਗਏ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾ ਕੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ, ਜੋ ਕੈਨੇਡਾ ’ਚ ਭਾਰਤੀ ਇੰਟੈਲੀਜੈਂਸੀ ਦੇ ਪ੍ਰਮੁੱਖ ਸਨ, ਨੂੰ ਦੇਸ਼ ਵਿੱਚੋਂ ਕੱਢ ਦਿੱਤਾ। ਇਹ ਪਹਿਲਾ ਮੌਕਾ ਹੈ, ਜਦ ਕਿਸੇ ਦੇਸ਼ ਨੇ ਦੂਜੇ ਦੇਸ਼ ਦੇ ਅਧਿਕਾਰੀ ਦਾ ਨਾਂਅ ਉਜਾਗਰ ਕਰਦੇ ਹੋਏ ਐਕਸ਼ਨ ਲਿਆ ਹੈ। ਕੈਨੇਡਾ ਦੀ ਇਸ ਕਾਰਵਾਈ ’ਤੇ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇ ਟੀ ਐੱਫ) ਦੇ ਮੁਖੀ ਅਤੇ ਭਾਰਤ ਨੂੰ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਪੱਛਮੀ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਦੇ ਸਰੀ ’ਚ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਰੂਡੋ ਨੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ’ਚ ਆਪਣੇ ਸੰਬੋਧਨ ’ਚ ਕਿਹਾਕੈਨੇਡੀਅਨ ਸੁਰੱਖਿਆ ਏਜੰਸੀਆਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ਏਜੰਟ ਦੀ ਸ਼ਮੂਲੀਅਤ ਦੇ ਗੰਭੀਰ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ।
ਟਰੂਡੋ ਨੇ ਸੰਸਦ ’ਚ ਦੱਸਿਆ ਕਿ ਉਨ੍ਹਾ ਪਿਛਲੇ ਹਫਤੇ ਜੀ-20 ਸਿਖਰ ਸੰਮੇਲਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਇਸ ਹੱਤਿਆ ਦਾ ਮਾਮਲਾ ਉਠਾਇਆ ਸੀ। ਉਨ੍ਹਾ ਮੋਦੀ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਦੀ ਕੋਈ ਵੀ ਇਸ ’ਚ ਸ਼ਮੂਲੀਅਤ ਸਵੀਕਾਰਯੋਗ ਨਹੀਂ ਹੋਵੇਗੀ। ਉਨ੍ਹਾ ਜਾਂਚ ’ਚ ਸਹਿਯੋਗ ਮੰਗਿਆ ਸੀ। ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਜੋ ਖੁਫੀਆ ਜਾਣਕਾਰੀ ਮਿਲੀ ਹੈ, ਉਸ ਦੇ ਅਧਾਰ ’ਤੇ ਉਹ ਇਹ ਦੋਸ਼ ਲਾ ਰਹੇ ਹਨ। ਉਥੇ ਹੀ ਕੈਨੇਡਾ ਦੇ ਵਿਦੇਸ਼ ਮੰਤਰੀ ਮੇਲਨੀ ਜਾਲੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਇੱਕ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਦੇਸ਼ ’ਚੋਂ ਕੱਢ ਦਿੱਤਾ ਹੈ।
ਕੈਨੇਡਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾਕੈਨੇਡਾ ਦੇ ਸਾਰੇ ਦੋਸ਼ ਬੇਤੁਕੇ ਹਨ। ਇਸ ਤਰ੍ਹਾਂ ਦੇ ਦੋਸ਼ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਵੀ ਰੱਖੇ ਸਨ ਅਤੇ ਉਨ੍ਹਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਬੇਤੁਕੇ ਦੋਸ਼ ਖਾਲਿਸਤਾਨੀ ਅੱਤਵਾਦੀਆਂ ਅਤੇ ਵੱਖਵਾਦੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਇਨ੍ਹਾਂ ਨੂੰ ਕੈਨੇਡਾ ਨੇ ਪਨਾਹ ਦਿੱਤੀ ਹੈ ਅਤੇ ਇਹ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਖ਼ਤਰਾ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਜਵਾਬੀ ਕਾਰਵਾਈ ਕਰਦਿਆਂ ਭਾਰਤ ’ਚ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਤੇ ਭਾਰਤ ’ਚ ਮੌਜੂਦ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢਣ ਦੇ ਭਾਰਤ ਸਰਕਾਰ ਦੇ ਫੈਸਲੇ ਬਾਰੇ ਜਾਣੂ ਕਰਵਾਇਆ।

LEAVE A REPLY

Please enter your comment!
Please enter your name here