ਚੰਡੀਗੜ੍ਹ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਪੱਤਰ ਦਾ ਜਵਾਬ ਦੇ ਦਿੱਤਾ ਹੈ, ਜਿਸ ਵਿਚ ਉਨ੍ਹਾ ਰਾਜਪਾਲ ਨੂੰ ਕਿਹਾ ਸੀ ਕਿ ਉਹ ਕੇਂਦਰ ਤੋਂ ਰੂਰਲ ਡਿਵੈੱਲਪਮੈਂਟ ਫੰਡ ਦਿਵਾਉਣ ਤੇ ਮਾਰਕਿਟ ਡਿਵੱੈਲਪਮੈਂਟ ਫੰਡ ਵਿਚ ਇਕ ਫੀਸਦੀ ਦੀ ਕਟੌਤੀ ਖਤਮ ਕਰਾਉਣ। ਰਾਜਪਾਲ ਨੇ ਕਿਹਾ ਹੈ-ਪਹਿਲੀ ਗੱਲ ਤਾਂ ਮੈਂ ਇਹ ਸਾਫ ਕਰ ਦੇਵਾਂ ਕਿ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਪਾਬੰਦ ਹਾਂ। ਮੈਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਇਹ ਮਾਮਲਾ ਮੇਰੇ ਧਿਆਨ ਵਿਚ ਲਿਆਉਣ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਰੱਖ ਚੁੱਕੀ ਹੈ। ਮਾਮਲਾ ਅਦਾਲਤੀ ਬਣ ਗਿਆ ਹੈ ਤੇ ਹੁਣ ਕੁਝ ਕਰਨ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਉਡੀਕਣਾ ਪੈਣਾ। ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ‘ਆਪ’ ਸਰਕਾਰ ਦੌਰਾਨ ਸੂਬੇ ’ਤੇ ਕਰਜ਼ਾ 50 ਹਜ਼ਾਰ ਕਰੋੜ ਰੁਪਏ ਹੋਰ ਵਧ ਗਿਆ ਹੈ। ਸਰਕਾਰ ਉਨ੍ਹਾ ਨੂੰ ਪੈਸੇ ਦੀ ਵਰਤੋਂ ਦੇ ਵੇਰਵੇ ਦੇਵੇ ਤਾਂ ਹੀ ਮੈਂ ਪ੍ਰਧਾਨ ਮੰਤਰੀ ਨੂੰ ਕਾਇਲ ਕਰ ਸਕਾਂਗਾ ਕਿ ਪੈਸੇ ਯੋਗ ਢੰਗ ਨਾਲ ਖਰਚੇ ਗਏ ਹਨ।
ਜਨਤਾ ਦਲ (ਸੈਕੂਲਰ) ਭਾਜਪਾ ਦਾ ਆੜੀ ਬਣਿਆ
ਨਵੀਂ ਦਿੱਲੀ : ਜਨਤਾ ਦਲ (ਸੈਕੂਲਰ) ਸ਼ੁੱਕਰਵਾਰ ਕੌਮੀ ਜਮਹੂਰੀ ਗਠਜੋੜ (ਐੱਨ ਡੀ ਏ) ਵਿਚ ਸ਼ਾਮਲ ਹੋ ਗਿਆ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਇਹ ਐਲਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨ੍ਹਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ।




