ਅੰਮਿ੍ਰਤਕਾਲ ਨਹੀਂ, ਵਿਸ਼ਕਾਲ

0
189

ਨਵੀਂ ਦਿੱਲੀ : ਲੋਕ ਸਭਾ ਵਿਚ ਵੀਰਵਾਰ ਨੂੰ ਚੰਦਰਯਾਨ ਦੀ ਸਫਲਤਾ ’ਤੇ ਚਰਚਾ ਹੋ ਰਹੀ ਸੀ। ਅਮਰੋਹਾ ਤੋਂ ਬਸਪਾ ਸਾਂਸਦ ਕੁੰਵਰ ਦਾਨਿਸ਼ ਅਲੀ ਨੇ ਦੱਖਣੀ ਦਿੱਲੀ ਦੇ ਭਾਜਪਾ ਸਾਂਸਦ ਰਮੇਸ਼ ਵਿਧੂੜੀ ਦੀ ਗੱਲ ਨਾਲ ਅਸਹਿਮਤੀ ਪ੍ਰਗਟਾਈ ਤਾਂ ਵਿਧੂੜੀ ਆਪਾ ਗੁਆ ਬੈਠੇ ਤੇ ਅਲੀ ਨੂੰ ਗਾਲਾਂ ਕੱਢ ਦਿੱਤੀਆਂ। ਜਦੋਂ ਵਿਧੂੜੀ ਗਾਲਾਂ ਕੱਢ ਰਹੇ ਸੀ ਉਦੋਂ ਸਪੀਕਰ ਦੀ ਕੁਰਸੀ ’ਤੇ ਕੋਡੀਕੁੱਨੀਲ ਸੁਰੇਸ਼ ਬੈਠੇ ਸਨ। ਉਨ੍ਹਾ ਵਿਧੂੜੀ ਨੂੰ ਬੈਠਣ ਲਈ ਕਿਹਾ, ਪਰ ਉਹ ਚੁੱਪ ਨਹੀਂ ਹੋਏ। ਵਿਧੂੜੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਸੁਰੇਸ਼ ਨੇ ਵਿਧੂੜੀ ਨੂੰ ਚਿਤਾਵਨੀ ਦਿੱਤੀ ਕਿ ਦੁਬਾਰਾ ਇੰਜ ਕੀਤਾ ਤਾਂ ਕਰੜੀ ਕਾਰਵਾਈ ਹੋਵੇਗੀ। ਵਿਧੂੜੀ ਦੇ ਸ਼ਬਦ ਸਦਨ ਦੀ ਕਾਰਵਾਈ ਵਿੱਚੋਂ ਕੱਢ ਦਿੱਤੇ ਗਏ। ਵਿਧੂੜੀ ਦੀਆਂ ਟਿੱਪਣੀਆਂ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਅਫਸੋਸ ਜਤਾਇਆ। ਕਾਂਗਰਸ ਨੇ ਵਿਧੂੜੀ ਦੀ ਮੈਂਬਰੀ ਖਤਮ ਕਰਨ ਦੀ ਮੰਗ ਕੀਤੀ ਹੈ।
ਵਿਧੂੜੀ ਦੇ ਬੋਲਣ ਵੇਲੇ ਉਨ੍ਹਾ ਦੇ ਪਿੱਛੇ ਬੈਠੇ ਭਾਜਪਾ ਸਾਂਸਦ ਤੇ ਸਾਬਕਾ ਮੰਤਰੀ ਰਵੀਸ਼ੰਕਰ ਪ੍ਰਸਾਦ ਤੇ ਹਰਸ਼ਵਰਧਨ ਹੱਸਦੇ ਨਜ਼ਰ ਆਏ। ਜਦੋਂ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਨ੍ਹਾਂ ਖਿਲਾਫ ਲਿਖਿਆ ਤਾਂ ਉਨ੍ਹਾਂ ਸਫਾਈ ਦਿੱਤੀ ਕਿ ਉਹ ਦੁਖੀ ਤੇ ਅਪਮਾਨਤ ਮਹਿਸੂਸ ਕਰ ਰਹੇ ਹਨ। ਕੁਝ ਲੋਕਾਂ ਨੇ ਉਨ੍ਹਾਂ ਦਾ ਨਾਂਅ ਘਸੀਟਿਆ ਹੈ। ਉਨ੍ਹਾ ਇਹ ਵੀ ਕਿਹਾ ਕਿ ਸਦਨ ਵਿਚ ਜੋ ਹੋਇਆ, ਉਸ ਨੂੰ ਉਹ ਸਾਫ-ਸਾਫ ਸੁਣ ਨਹੀਂ ਸਕੇ।
ਰਾਜਦ ਆਗੂ ਲਾਲੂ ਪ੍ਰਸਾਦ ਯਾਦਵ ਨੇ ਕਿਹਾ-ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਅਮੀਰ ਸੰਸਦੀ ਰਵਾਇਤਾਂ ਵਿਰੁੱਧ ਅਜਿਹੀ ਘਟੀਆ ਸਮਾਜੀ ਸਿਆਸੀ ਸੰਸ�ਿਤੀ ਨੂੰ ਜਨਮ ਦਿੱਤਾ ਹੈ, ਜਿਸ ਵਿਚ ਇਨ੍ਹਾਂ ਦੀ ਇਕ ਸਾਂਸਦ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹਤਿਆਰੇ ਦਹਿਸ਼ਤਗਰਦ ਦਾ ਮਹਿਮਾ ਮੰਡਨ ਕਰਦੀ ਹੈ। ਭਾਜਪਾ ਸਾਂਸਦ ਨੇ ਲੋਕ ਸਭਾ ਵਿਚ ਜਿਹੜੀ ਘਟੀਆ ਭਾਸ਼ਾ ਵਰਤੀ, ਉਹ ਘੋਰ ਇਤਰਾਜ਼ਯੋਗ, ਨਿਖੇਧੀਯੋਗ ਅਤੇ ਜਮਹੂਰੀਅਤ ਤੇ ਸਮਾਜ ਲਈ ਚਿੰਤਾਜਨਕ ਹੈ। ਇਹ ਇਨ੍ਹਾਂ ਦਾ ਅੰਮਿ੍ਰਤਕਾਲ ਨਹੀਂ, ਸਗੋਂ ਵਿਸ਼ਕਾਲ ਹੈ। ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਕਿਹਾ-ਜੇ ਅਲੀ ਨੂੰ ਦਹਿਸ਼ਤਗਰਦ ਕਿਹਾ ਹੁੰਦਾ ਤਾਂ ਸਾਨੂੰ ਇਸ ਦੀ ਆਦਤ ਪੈ ਚੁੱਕੀ ਹੈ। ਉਹ ਪੂਰੇ ਮੁਸਲਮਾਨਾਂ ਖਿਲਾਫ ਬੋਲੇ। ਭਾਜਪਾ ਨਾਲ ਜੁੜੇ ਮੁਸਲਮ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੇ ਬਾਰੇ ਕੀ ਸੋਚਦੇ ਹਨ? ਉਨ੍ਹਾਂ ਨੂੰ ਸ਼ਰਮ ਆਉਣੀ ਚਾਹੁੰਦੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ-ਰੱਖਿਆ ਮੰਤਰੀ ਦੀ ਮੁਆਫੀ ਨਾਕਾਫੀ ਹੈ। ਇਹ ਰਮੇਸ਼ ਵਿਧੂੜੀ ਨਹੀਂ, ਸਗੋਂ ਭਾਜਪਾ ਦੀ ਸੋਚ ਹੈ। ਵਿਧੂੜੀ ਦੀ ਮੈਂਬਰੀ ਖਤਮ ਕੀਤੀ ਜਾਣੀ ਚਾਹੀਦੀ ਹੈ। ‘ਆਪ’ ਦੇ ਸੰਜੇ ਸਿੰਘ ਨੇ ਕਿਹਾ, ਵਿਧੂੜੀ ਦੀ ਭਾਸ਼ਾ ਇਕ ਗੁੰਡੇ ਤੇ ਮਾਫੀਆ ਦੀ ਭਾਸ਼ਾ ਹੈ। ਦਾਨਿਸ਼ ਅਲੀ ਦਾ ਅਪਮਾਨ ਸਾਰੇ ਆਪੋਜ਼ੀਸ਼ਨ ਮੈਂਬਰਾਂ ਦਾ ਅਪਮਾਨ ਹੈ। ਮਨੀਪੁਰ ਦਾ ਮੁੱਦਾ ਉਠਾਉਣ ’ਤੇ ਮੈਨੂੰ ਮੁਅੱਤਲ ਕੀਤਾ ਸੀ, ਵਿਧੂੜੀ ਖਿਲਾਫ ਕਾਰਵਾਈ ਕਿਉ ਨਹੀਂ ਕੀਤੀ ਜਾ ਰਹੀ ਹੈ। ਟੀ ਐੱਮ ਸੀ ਦੀ ਮਹੁਆ ਮੋਇਤਰਾ ਨੇ ਕਿਹਾ-ਮੁਸਲਮਾਨਾਂ ਤੇ ਓ ਬੀ ਸੀ ਨੂੰ ਗਾਲਾਂ ਕੱਢਣੀਆਂ ਭਾਜਪਾ ਦਾ ਕਲਚਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮੁਸਲਮਾਨਾਂ ਨੂੰ ਆਪਣੀ ਹੀ ਧਰਤੀ ’ਤੇ ਡਰ ਕੇ ਜੀਊਣ ’ਤੇ ਮਜਬੂਰ ਕਰ ਦਿੱਤਾ ਹੈ। ਮਰਿਆਦਾ ਦੇ ਰਖਵਾਲੇ ਸਪੀਕਰ ਓਮ ਬਿੜਲਾ, ਵਿਸ਼ਵ ਗੁਰੂ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਨਾਲ ਗੋਦੀ ਮੀਡੀਆ। ਕੋਈ ਕਾਰਵਾਈ ਨਹੀਂ। ਏ ਆਈ ਐੱਮ ਆਈ ਐੱਮ ਦੇ ਅਸਦੂਦੀਨ ਓਵੈਸੀ ਨੇ ਕਿਹਾ-ਮੈਨੂੰ ਪੱਕਾ ਹੈ ਕਿ ਵਿਧੂੜੀ ਖਿਲਾਫ ਕਾਰਵਾਈ ਨਹੀਂ ਹੋਵੇਗੀ, ਸਗੋਂ ਉਸ ਨੂੰ ਭਾਜਪਾ ਦਿੱਲੀ ਦਾ ਪ੍ਰਧਾਨ ਬਣਾ ਦਿੱਤਾ ਜਾਵੇਗਾ। ਮੁਸਲਮਾਨਾਂ ਨਾਲ ਉਹੋ ਸਲੂਕ ਹੋ ਰਿਹਾ ਹੈ, ਜਿਵੇਂ ਹਿਟਲਰ ਦੇ ਜਰਮਨੀ ਵਿਚ ਯਹੂਦੀਆਂ ਨਾਲ ਕੀਤਾ ਜਾਂਦਾ ਸੀ।

LEAVE A REPLY

Please enter your comment!
Please enter your name here