ਰੋਡ ਟਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ 2015 ਵਿੱਚ 5,06,000 ਹਾਦਸਿਆਂ ਵਿੱਚ 1,46,000 ਲੋਕਾਂ ਦੀ ਮੌਤ ਹੋਈ ਸੀ | 2026 ਵਿੱਚ, ਜੁਲਾਈ ਤੱਕ, 2,96,000 ਸੜਕ ਹਾਦਸਿਆਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਮਾਰੇ ਗਏ ਹਨ | ਸਾਲ ਦੇ ਅੰਤ ਤੱਕ ਇਹ ਅੰਕੜਾ ਦੋ ਲੱਖ ਤੱਕ ਪਹੁੰਚ ਸਕਦਾ ਹੈ | ਵਿਡੰਬਨਾ ਇਹ ਹੈ ਕਿ ਹਾਦਸਿਆਂ ਦੀ ਗਿਣਤੀ ਘਟ ਰਹੀ ਹੈ, ਪਰ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ | ਪ੍ਰਤੀ 100 ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਹੁਣ 22 ਤੋਂ ਵਧ ਕੇ 36 ਹੋ ਗਈ ਹੈ |
ਹਾਲਾਂਕਿ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ (90 ਪ੍ਰਤੀਸ਼ਤ) ਮਨੁੱਖੀ ਗਲਤੀ ਮੰਨਿਆ ਜਾਂਦਾ ਹੈ, ਯਾਨੀ ਡਰਾਈਵਰ, ਜਿਸ ਵਿੱਚ 70 ਪ੍ਰਤੀਸ਼ਤ ਕਾਰਨ ਵਾਹਨ ਦੀ ਤੇਜ਼ ਰਫ਼ਤਾਰ ਹੈ | ਨਸ਼ਾ, ਲਾਪਰਵਾਹੀ, ਗਲਤ ਸਾਈਡ, ਓਵਰਟੇਕਿੰਗ, ਗਲਤ ਲੇਨ, ਮੋਬਾਈਲ ‘ਤੇ ਗੱਲ ਕਰਨਾ, ਸੀਟ ਬੈਲਟ ਜਾਂ ਹੈਲਮੇਟ ਨਾ ਲਗਾਉਣਾ, ਸੜਕ ਦਾ ਖਰਾਬ ਡਿਜ਼ਾਈਨ, ਟੋਏ, ਟਾਇਰ ਫਟਣਾ, ਬ੍ਰੇਕ ਫੇਲ੍ਹ ਹੋਣਾ, ਓਵਰਲੋਡਿੰਗ ਅਤੇ ਟ੍ਰੈਫਿਕ ਨਿਯਮਾਂ ਨੂੰ ਨਾ ਜਾਣਨਾ ਜਾਂ ਜਾਣਨ ਦੇ ਬਾਵਜੂਦ ਉਨ੍ਹਾਂ ਦੀ ਪਾਲਣਾ ਨਾ ਕਰਨਾ ਹੋਰ ਕਾਰਨ ਹੁੰਦੇ ਹਨ | ਠੇਕੇਦਾਰਾਂ ਦਾ ਦਾਅਵਾ ਹੈ ਕਿ ਸੜਕ ਦੀ ਕੁਆਲਿਟੀ ‘ਤੇ ਸਵਾਲ ਨਹੀਂ ਉਠਾਇਆ ਜਾ ਸਕਦਾ, ਕਿਉਂਕਿ ਟੈਂਡਰ ਪ੍ਰਾਪਤ ਕਰਨ ਤੋਂ ਲੈ ਕੇ ਪ੍ਰੋਜੈਕਟ ਨੂੰ ਪੂਰਾ ਕਰਨ ਤੱਕ, ਹਰ ਕਦਮ ‘ਤੇ ਉਹ ਜੋ ਕਮਿਸ਼ਨ ਦਿੰਦੇ ਹਨ, ਉਹ ਹੁਣ 55 ਫੀਸਦੀ ਤੱਕ ਪਹੁੰਚ ਚੱੁਕੀ ਹੈ | ਕਰਨਾਟਕ ਦੀ ਠੇਕੇਦਾਰਾਂ ਦੀ ਜਥੇਬੰਦੀ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਕੋਈ ਜਾਂਚ ਨਹੀਂ ਕੀਤੀ ਗਈ |
ਭਿਆਨਕ ਸੜਕ ਹਾਦਸਿਆਂ ਦੀਆਂ ਖਬਰਾਂ ਪੜ੍ਹਨ ਤੇ ਦੇਖਣ ਦੇ ਬਾਵਜੂਦ ਲੋਕ ਥੋੜ੍ਹਾ ਜਿਹਾ ਵੀ ਪਰੇਸ਼ਾਨ, ਉਦਾਸ ਜਾਂ ਹੈਰਾਨ ਨਹੀਂ ਹੁੰਦੇ | ਇਸ ਨੂੰ ਪਰਮਾਤਮਾ ਅਤੇ ਵਾਹਿਗੁਰੂ ਦੀ ਇੱਛਾ ਵਜੋਂ ਸਵੀਕਾਰ ਕਰਦੇ ਹੋਏ, ਆਮ ਵਾਂਗ ਆਪਣੇ ਕੰਮ ‘ਤੇ ਲੱਗ ਜਾਂਦੇ ਹਨ | ਪੁਲਸ ਘਟਨਾ ਸਥਾਨ ਦਾ ਮੁਆਇਨਾ ਕਰਦੀ ਹੈ, ਕਿਸੇ ਅਣਜਾਣ ਵਿਅਕਤੀ ਜਾਂ ਕਿਸੇ ਖਾਸ ਵਿਅਕਤੀ ਵਿਰੁੱਧ ਰਿਪੋਰਟ ਦਰਜ ਕਰਦੀ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਸੌਂਪਦੀ ਹੈ ਅਤੇ ਮਿ੍ਤਕਾਂ ਨੂੰ ਪੋਸਟਮਾਰਟਮ ਜਾਂਚ ਜਾਂ ਪੰਚਨਾਮੇ ਤੋਂ ਬਾਅਦ ਉਨ੍ਹਾਂ ਦੇ ਪਰਵਾਰਾਂ ਨੂੰ ਸੌਂਪ ਦਿੰਦੀ ਹੈ | ਸਰਕਾਰ ਮਿ੍ਤਕਾਂ ਅਤੇ ਜ਼ਖਮੀਆਂ ਲਈ ਕੁਝ ਲੱਖ ਜਾਂ ਕੁਝ ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਦੀ ਹੈ, ਜੋ ਅਕਸਰ ਅਦਾ ਨਹੀਂ ਕੀਤਾ ਜਾਂਦਾ | ਹਾਦਸਿਆਂ ਦੀ ਥਾਂ ਲੋਕ ਚੋਣਾਂ, ਰਾਜਨੀਤਕ, ਸੰਪਰਦਾਇਕ, ਧਾਰਮਿਕ, ਬਲਾਤਕਾਰ, ਕਤਲ, ਗਬਨ, ਆਨਲਾਈਨ ਧੋਖਾਧੜੀ ਅਤੇ ਅਗਵਾ ਦੀਆਂ ਖਬਰਾਂ ‘ਤੇ ਧਿਆਨ ਕੇਂਦਰਤ ਕਰਦੇ ਹਨ, ਇਹ ਜਾਣਦੇ ਹੋਏ ਕਿ ਉਹ ਖੁਦ ਅਜਿਹੇ ਹਾਦਸਿਆਂ ਦਾ ਅਗਲਾ ਸ਼ਿਕਾਰ ਹੋ ਸਕਦੇ ਹਨ | ਚਾਹੇ ਉਹ ਅਖੌਤੀ ਐਕਸਪ੍ਰੈਸਵੇਅ ਹੋਣ, ਰਾਸ਼ਟਰੀ ਰਾਜਮਾਰਗ ਅਤੇ ਰਾਜਮਾਰਗ ਹੋਣ ਜਾਂ ਪਿੰਡਾਂ, ਕਸਬਿਆਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਸਥਾਨਕ ਸੰਸਥਾਵਾਂ ਵੱਲੋਂ ਬਣਾਈਆਂ ਗਈਆਂ ਸੜਕਾਂ, ਹਾਲਤ ਲੱਗਭੱਗ ਸਾਰੀਆਂ ਦੀ ਤਰਸਯੋਗ ਹੈ, ਪਰ ਟੋਲ ਵਸੂਲੀ ਜਾਰੀ ਹੈ | ਹਾਲਾਂਕਿ ਸਿਆਸਤਦਾਨ, ਮੰਤਰੀ ਅਤੇ ਅਧਿਕਾਰੀ ਸੜਕਾਂ ਦਾ ਉਦਘਾਟਨ ਕਰਦੇ ਸਮੇਂ ਦਾਅਵਾ ਕਰਦੇ ਹਨ ਕਿ ਉਹ ਵਿਸ਼ਵ ਪੱਧਰੀ ਹਨ, ਪਰ ਉਹ ਸੁਰੱਖਿਆ ‘ਤੇ ਚੁੱਪ ਰਹਿੰਦੇ ਹਨ, ਕਿਉਂਕਿ ਸੁਰੱਖਿਆ ਦਾ ਉਨ੍ਹਾਂ ਦੀ ਤਰਜੀਹ ਵਿੱਚ ਕੋਈ ਖਾਸ ਸਥਾਨ ਨਹੀਂ ਹੁੰਦਾ |
ਭਾਰੀ ਟੈਕਸ ਵਸੂਲੀ ਦੇ ਬਾਵਜੂਦ ਲੋਕਾਂ ਨੂੰ ਹਰ ਰੋਜ਼ ਮਾੜੀਆਂ ਸੜਕਾਂ ‘ਤੇ ਹਾਦਸਿਆਂ ਦਾ ਸਾਹਮਣਾ ਕਰਨ ਲਈ ਪਰਮਾਤਮਾ ਦੀ ਰਹਿਮਤ ‘ਤੇ ਛੱਡ ਦਿੱਤਾ ਜਾਂਦਾ ਹੈ | ਜਦੋਂ ਤੱਕ ਲੋਕ ਚੋਣਾਂ ਵਿੱਚ ਸੜਕ ਹਾਦਸਿਆਂ ਨੂੰ ਨਾਗਰਿਕ ਸੁਰੱਖਿਆ ਦਾ ਇੱਕ ਵੱਡਾ ਮੁੱਦਾ ਨਹੀਂ ਬਣਾਉਂਦੇ, ਸਿਆਸਤਦਾਨਾਂ ਨੇ ਸੰਜੀਦਾ ਨਹੀਂ ਹੋਣਾ |



