ਨਵੀਂ ਦਿੱਲੀ (ਨ ਜ਼ ਸ) : ਕੇਂਦਰ ਸਰਕਾਰ ਨੇ ਬੁੱਧਵਾਰ ਖਰੀਦ ਸੀਜ਼ਨ 2027-28 ਲਈ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ | ਇਸ ਤਹਿਤ ਤੇਲ-ਬੀਜ ਫਸਲ ਕੁਸੁੰਭਾ (ਸੈਫਲਾਵਰ) ਦੇ ਭਾਅ ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ |
ਸਰਕਾਰ ਨੇ ਕਿਹਾ ਕਿ ਇਸ ਵਾਧੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਰਵਾਇਤੀ ਫਸਲਾਂ ਤੋਂ ਹਟ ਕੇ ਫਸਲੀ ਵਿਭਿੰਨਤਾ ਵੱਲ ਉਤਸ਼ਾਹਤ ਕਰਨਾ ਹੈ |
ਰੇਪਸੀਡ ਅਤੇ ਸਰ੍ਹੋਂ ਦੇ ਭਾਅ ਵਿੱਚ 413 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਐੱਮ ਐੱਸ ਪੀ 6,613 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ | ਮਸਰ ਦੀ ਦਾਲ ਦੇ ਭਾਅ ਵਿੱਚ 390 ਰੁਪਏ ਦਾ ਵਾਧਾ ਕਰਕੇ ਇਸ ਨੂੰ 7,390 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ | ਜੌਂ ਦਾ ਭਾਅ 136 ਰੁਪਏ ਵਧਾ ਕੇ 2,286 ਰੁਪਏ, ਛੋਲਿਆਂ ਦਾ 83 ਰੁਪਏ ਵਧਾ ਕੇ 5958 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਹੈ | ਕਣਕ ਦੇ ਭਾਅ ਵਿੱਚ ਸਭ ਤੋਂ ਘੱਟ 25 ਰੁਪਏ ਦਾ ਮਾਮੂਲੀ ਵਾਧਾ ਹੋਇਆ ਹੈ, ਜਿਸ ਨਾਲ ਇਹ 2,610 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖਰੀਦੀ ਜਾਵੇਗੀ | ਅਧਿਕਾਰਤ ਅੰਕੜਿਆਂ ਮੁਤਾਬਕ 2014-15 ਤੋਂ 2025-26 ਦੌਰਾਨ ਕਣਕ ਦੀ ਖਰੀਦ 3,715 ਲੱਖ ਮੀਟਿ੍ਕ ਟਨ ਰਹੀ, ਜਦੋਂ ਕਿ 2004-05 ਤੋਂ 2013-14 ਦੌਰਾਨ ਇਹ 2,254 ਲੱਖ ਮੀਟਿ੍ਕ ਟਨ ਸੀ | ਸਰਕਾਰੀ ਬਿਆਨ ਮੁਤਾਬਕ 2014-15 ਤੋਂ 2025-26 ਦੌਰਾਨ ਕਣਕ ਉਤਪਾਦਕਾਂ ਨੂੰ ਐੱਮ ਐੱਸ ਪੀ ਵਜੋਂ 7.31 ਲੱਖ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ, ਜੋ ਕਿ 2004-05 ਤੋਂ 2013-14 ਦੌਰਾਨ 2.56 ਲੱਖ ਕਰੋੜ ਰੁਪਏ ਸੀ |




