ਨਵੀਂ ਦਿੱਲੀ : ਕਾਂਗਰਸ ਸਾਂਸਦ ਜੈਰਾਮ ਰਮੇਸ਼ ਨੇ ਸ਼ਨੀਵਾਰ ਸੰਸਦ ਦੀ ਪੁਰਾਣੀ ਅਤੇ ਨਵੀਂ ਇਮਾਰਤ ਦੀ ਤੁਲਨਾ ਕੀਤੀ। ਉਨ੍ਹਾ ਪੁਰਾਣੀ ਇਮਾਰਤ ਨੂੰ ਬੇਹਤਰ ਦੱਸਿਆ। ਉਨ੍ਹਾ ਕਿਹਾ ਕਿ ਨਵੀਂ ਸੰਸਦ, ਜਿਸ ਨੂੰ ਬਹੁਤ ਜ਼ੋਰ-ਸ਼ੋਰ ਨਾਲ ਲਾਂਚ ਕੀਤਾ ਗਿਆ, ਉਹ ਪ੍ਰਧਾਨ ਮੰਤਰੀ ਮੋਦੀ ਦੇ ਉਦੇਸ਼ਾਂ ਨੂੰ ਚੰਗੀ ਤਰ੍ਹਾਂ ਪੂਰੀ ਕਰ ਰਹੀ ਹੈ। ਇਸ ਨੂੰ ਮੋਦੀ ਮਲਟੀਪਲੈਕਸ ਜਾਂ ਮੋਦੀ ਮੇਰੀਅਟ ਕਿਹਾ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ’ਤੇ ਪੋਸਟ ’ਚ ਉਨ੍ਹਾ ਕਿਹਾ ਕਿ ਨਵੀਂ ਸੰਸਦ ’ਚ ਕਾਰਵਾਈ ਸ਼ੁਰੂ ਹੋਣ ਦੇ ਚਾਰ ਦਿਨ ਬਾਅਦ ਹੀ ਸੰਸਦ ਦੇ ਦੋਵਾਂ ਸਦਨਾਂ ਅਤੇ ਲਾਬੀ ਤੱਕ ਜੋ ਮੈਂ ਦੇਖਿਆ, ਉਸ ਨੂੰ ਸੰਵਾਦ ਦੀ ਮੌਤ ਕਹਿ ਸਕਦੇ ਹਾਂ। ਜੇਕਰ ਆਰਕੀਟੈਕਚਰ ਨਾਲ ਸੰਵਿਧਾਨ ਮਰ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਸੰਵਿਧਾਨ ਨੂੰ ਦੋਬਾਰਾ ਲਿਖੇ ਬਿਨਾਂ ਉਸ ਦੀ ਹੱਤਿਆ ਕਰਨ ’ਚ ਸਫ਼ਲ ਹੋਏ ਹਨ। ਜੈਰਾਮ ਨੇ ਕਿਹਾ ਕਿ ਨਵੀਂ ਬਿਲਡਿੰਗ ’ਚ ਇੱਕ-ਦੂਜੇ ਨੂੰ ਦੇਖਣ ਲਈ ਬਾਈਨੋਕੁਲਰਸ ਦੀ ਜ਼ਰੂਰਤ ਪਵੇਗੀ, ਕਿਉਂਕਿ ਹਾਲ ਛੋਟੇ ਨਹੀਂ ਹਨ, ਉਹ ਓਨੇ ਅਰਾਮਦਾਇਕ ਨਹੀਂ ਹਨ। ਸੰਸਦ ਦੀ ਪੁਰਾਣੀ ਇਮਾਰਤ ਨਾ ਸਿਰਫ਼ ਅਲੌਕਿਕ ਸੀ, ਬਲਕਿ ਗੱਲਬਾਤ ਨੂੰ ਬੜ੍ਹਾਵਾ ਦਿੰਦੀ ਸੀ। ਸਦਨ, ਸੈਂਟਰਲ ਹਾਲ ਅਤੇ ਬਰਾਮਦਿਆਂ ’ਚ ਚੱਲਣਾ ਅਸਾਨ ਸੀ। ਉਨ੍ਹਾ ਕਿਹਾ ਕਿ ਸਦਨ ਨੂੰ ਸਫ਼ਲਤਾ ਨਾਲ ਚਲਾਉਣ ਲਈ ਸਾਂਸਦਾਂ ਵਿਚਾਲੇ ਜਿਸ ਤਰ੍ਹਾਂ ਦੀ ਬਿਲਡਿੰਗ ਹੋਣੀ ਚਾਹੀਦੀ, ਇਹ ਨਵੀਂ ਇਮਾਰਤ ਉਸ ਬਿਲਡਿੰਗ ਨੂੰ ਕਮਜ਼ੋਰ ਕਰਦੀ ਹੈ।
ਇਸ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਕਾਂਗਰਸ ਦੀ ਹੇਠਲੇ ਪੱਧਰ ਦੀ ਸੋਚ ਹੈ। ਇਹ ਹੋਰ ਕੁਝ ਨਹੀਂ, ਬਲਕਿ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਦਾ ਅਪਮਾਨ ਹੈ।





