ਜੈਪੁਰ : ਰਾਜਸਥਾਨ ’ਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਉਣ ਵਾਲੇ ਦਿਨਾਂ ’ਚ ਉਥੇ ਚੋਣਾਂ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਆਪੋਜ਼ੀਸ਼ਨ ਭਾਜਪਾ ਇੱਕ-ਦੂਜੇ ’ਤੇ ਹਮਲੇ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਹਾਲਾਂਕਿ ਇਸ ਦੌਰਾਨ ਇਸ ਤਰ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੱਕ ਪ੍ਰੋਗਰਾਮ ’ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਭਾਜਪਾ ਦੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਾਥ ਨਜ਼ਰ ਆਏ। ਮੁੱਖ ਮੰਤਰੀ ਗਹਿਲੋਤ ਅਤੇ ਵਸੁੰਧਰਾ ਰਾਜੇ ਦੀ ਇਹ ਮੁਲਾਕਾਤ ਕਾਂਸਟੀਚਿਊਸ਼ਨਲ ਕਲੱਬ ਆਫ਼ ਰਾਜਸਥਾਨ ਦੇ ਉਦਘਾਟਨ ਮੌਕੇ ਹੋਈ। ਉਥੇ ਵਿਧਾਨ ਸਭਾ ਸਪੀਕਰ ਡਾ. ਸੀ ਪੀ ਜੋਸ਼ੀ ਅਤੇ ਐੱਲ ਓ ਪੀ ਰਾਜਿੰਦਰ ਰਾਠੌੜ ਸਮੇਤ ਹੋਰ ਲੋਕ ਵੀ ਮੌਜੂਦ ਸਨ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਰਾਜਸਥਾਨ ਦੀ ਰਾਜਨੀਤੀ ’ਚ ਹਲਚਲ ਵਧ ਗਈ ਹੈ। ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਵੀ ਜ਼ੋਰਾਂ ’ਤੇ ਹੈ, ਪਰ ਭਾਜਪਾ ਨੇਤਾ ਤੇ ਦੋ ਵਾਰ ਮੁੱਖ ਮੰਤਰੀ ਰਹੀ ਵਸੁੰਧਰਾ ਰਾਜੇ ਦੀ ਇਸ ’ਚ ਸਰਗਰਮੀ ਕਿਤੇ ਦਿਖਾਈ ਨਹੀਂ ਦੇ ਰਹੀ। ਇਸ ਸਵਾਲ ਦਾ ਜਵਾਬ ਦੇਣ ਲਈ ਰਾਜਸਥਾਨ ਭਾਜਪਾ ’ਚ ਕੋਈ ਨਹੀਂ। ਇਹ ਸਾਫ਼ ਨਹੀਂ ਕਿ ਭਾਜਪਾ ਨੇ ਵਸੁੰਧਰਾ ਰਾਜੇ ਨੂੰ ਚੋਣਾਂ ਤੋਂ ਦੂਰ ਰੱਖਿਆ ਹੈ ਜਾਂ ਵਸੁੰਧਰਾ ਰਾਜੇ ਖੁਦ ਹੀ ਚੋਣਾਂ ਤੋਂ ਦੂਰ ਹੈ। ਵਸੁੰਧਰਾ ਨੇ ਹੁਣ ਤੱਕ ਭਾਜਪਾ ਦੀ ਪਰਿਵਰਤਨ ਯਾਤਰਾ ਅਤੇ ਵਿਧਾਨ ਸਭਾ ਚੋਣਾਂ ਨਾਲ ਜੁੜੇ ਕਿਸੇ ਵੀ ਮਸਲੇ ’ਤੇ ਇੱਕ ਵੀ ਟਵਿਟ ਤੱਕ ਨਹੀਂ ਕੀਤਾ। ਇਹ ਸਵਾਲ ਇਸ ਲਈ ਚਰਚਾ ’ਚ ਹੈ, ਕਿਉਂਕਿ ਰਾਜੇ ਆਪਣੇ ਇਲਾਕੇ ਝਾਲਾਵਾੜ ’ਚ ਵੀ ਨਹੀਂ ਪਹੁੰਚੀ । ਇਹ ਸਵਾਲ ਹੁਣ ਭਾਜਪਾ ਦੇ ਪ੍ਰਚਾਰ ’ਚ ਆਉਣ ਵਾਲੇ ਨੇਤਾਵਾਂ ਤੋਂ ਪੁੱਛਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਸ ਨੂੰ ਲੈ ਕੇ ਜਦ ਰਾਜਸਥਾਨ ’ਚ ਭਾਜਪਾ ਦੇ ਚੋਣ ਪ੍ਰਬੰਧ ਕਮੇਟੀਆਂ ਦੇ ਮੁਖੀਆ ਨਰਾਇਣ ਪੰਚਾਰਿਆ ਤੋਂ ਸਵਾਲ ਪੁੱਛਿਆ ਗਿਆ ਕਿ ਵਸੁੰਧਰਾ ਰਾਜਸਥਾਨ ਦੇ ਚੋਣ ਪ੍ਰਚਾਰ ’ਚ ਕਿਉਂ ਨਹੀਂ ਦਿਖਾਈ ਦੇ ਰਹੀ ਤਾਂ ਉਨ੍ਹਾ ਦਾ ਜਵਾਬ ਸੀ ਕਿ ਕੀ ਜੇ ਪੀ ਨੱਢਾ ਅਤੇ ਅਮਿਤ ਸ਼ਾਹ ਦਿਖਾਈ ਦੇ ਰਹੇ ਹਨ। ਵਸੁੰਧਰਾ ਵੀ ਰਾਸ਼ਟਰ ਪੱਧਰ ਦੀ ਨੇਤਾ ਹੈ ਅਤੇ ਵੱਡੇ ਚੋਣ ਪ੍ਰਚਾਰ ’ਚ ਜਾਵੇਗੀ।





