ਏਸ਼ੀਅਨ ਖੇਡਾਂ : ਭਾਰਤ ਨੇ ਸ਼ੁਰੂਆਤ ’ਚ ਹੀ ਮਾਰਿਆ ਤਮਗਿਆਂ ਦਾ ਪੰਜਾ

0
185

ਹਾਂਗਜ਼ੂ : ਚੀਨ ਦੇ ਹਾਂਗਜੂ ’ਚ ਜਾਰੀ 19ਵੀਆਂ ਏਸ਼ੀਅਨ ਖੇਡਾਂ ਦਾ 24 ਸਤੰਬਰ ਨੂੰ ਪਹਿਲਾ ਦਿਨ ਹੈ ਅਤੇ ਭਾਰਤ ਨੇ 5 ਤਮਗੇ ਜਿੱਤ ਲਏ। ਭਾਰਤ ਨੇ 2 ਚਾਂਦੀ ਅਤੇ 3 ਕਾਂਸੀ ਸਮਤੇ ਕੁੱਲ 5 ਤਮਗੇ ਜਿੱਤ ਲਏ। ਭਾਰਤ ਨੇ ਸ਼ੂਟਿੰਗ ਅਤੇ ਰੋਇੰਗ (ਕਿਸ਼ਤੀ) ’ਚ ਇੱਕ-ਇੱਕ ਚਾਂਦੀ ਤੇ ਰੋਇੰਗ ’ਚ ਹੀ ਕਾਂਸੀ ਅਤੇ ਸ਼ੂਟਿੰਗ ’ਚ 1 ਚਾਂਦੀ ਦਾ ਤਮਗਾ ਜਿੱਤਿਆ। ਪਹਿਲਾ ਤਮਗਾ ਮਹਿਲਾ 10 ਮੀਟਰ ਏਅਰ ਰਾਇਫ਼ਲ ਟੀਮ ਮੁਕਾਬਲੇ ’ਚ ਚਾਂਦੀ ਦੇ ਤਮਗੇ ਦੇ ਰੂਪ ’ਚ ਆਇਆ, ਇਹ ਤਮਗਾ ਮੇਹੁਲੀ ਘੋਸ਼, ਆਸ਼ੀ ਚੌਕੀ ਅਤੇ ਰਮਿਤਾ ਨੇ 1886 ਦੇ ਸਕੋਰ ਨਾਲ ਜਿੱਤਿਆ, ਜਦਕਿ ਇਸ ਮੁਕਾਬਲੇ ਦਾ ਸੋਨੇ ਦਾ ਤਮਗਾ ਚੀਨ ਨੇ ਆਪਣੇ ਨਾਂਅ ਕੀਤਾ। ਭਾਰਤ ਲਈ ਦੂਜੀ ਚਾਂਦੀ ਰੋਇੰਗ ’ਚ ਆਈ। ਮਰਦਾਂ ਦੇ ਲਾਈਟ ਵੇਟ ਡਬਲ ਸਕੱਲਸ ’ਚ 6.28.18 ਦਾ ਸਮਾਂ ਕੱਢਦੇ ਹੋਏ ਰੋਵਰਸ ਅਰੁਣ ਲਾਲ ਅਤੇ ਅਰਵਿੰਦਰ ਸਿੰਘ ਨੇ ਇਹ ਕਮਾਲ ਕੀਤਾ। ਉਥੇ ਹੀ ਬਾਬੂ ਲਾਲ ਅਤੇ ਲੇਖਾ ਰਾਮ ਨੇ ਰੋਇੰਗ ’ਚ ਕਾਂਸਾ ਜਿੱਤਦੇ ਹੋਏ ਤੀਜਾ ਤਮਗਾ ਦਿਵਾਇਆ। ਬਾਬੂ ਲੇਖਾ ਨੇ ਮਰਦਾਂ ਦੇ ਏਅਰ ਰਾਇਫ਼ਲ ’ਚ 6.50.41 ਦੇ ਸਮੇਂ ਨਾਲ ਕਮਾਲ ਕੀਤਾ। ਚੌਥਾ ਤਮਗਾ ਰੋਇੰਗ ’ਚ ਚਾਂਦੀ ਦੇ ਰੂਪ ’ਚ ਆਇਆ। ਮਰਦਾਂ ਦੇ ਮੁਕਾਬਲੇ ’ਚ ਭਾਰਤੀ ਰੋਵਰਸ ਨੇ 5.43.01 ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਲਈ 5ਵਾਂ ਤਮਗਾ ਸ਼ੂਟਿੰਗ ’ਚ ਆਇਆ। 10 ਮੀਟਰ ਏਅਰ ਰਾਇਫ਼ਲ ਮੁਕਾਬਲੇ ’ਚ ਰਮਿਤਾ ਜਿੰਦਲ ਨੇ ਕਾਂਸੀ ਹਾਸਲ ਕੀਤੀ।
ਇਸ ਦੇ ਨਾਲ ਹੀ ਮਰਦਾਂ ਦੀ ਹਾਕੀ ਟੀਮ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ’ਚ ਵੱਡੀ ਜਿੱਤ ਮਿਲੀ। ਭਾਰਤ ਨੇ ਉਜ਼ਬੇਕਿਸਤਾਨ ਦੀ ਟੀਮ ਨੂੰ 16-0 ਨਾਲ ਹਰਾਇਆ। ਇਸ ਮੈਚ ’ਚ ਭਾਰਤ ਲਈ ਤਿੰਨ ਖਿਡਾਰੀਆਂ ਨੇ ਹੈਟਿ੍ਰਕ ਲਾਈ।
ਬਾਕਸਿੰਗ ’ਚ ਪਹਿਲੀ ਜਿੱਤ ਹਾਸਲ ਕਰਦੇ ਹੋਏ ਭਾਰਤ ਦੀ 19 ਸਾਲਾ ਪ੍ਰੀਤੀ ਨੇ ਜਾਰਡਨ ਦੀ ਸਿਲਿਨਾ ਨੂੰ ਹਰਾਇਆ। ਸਿਲਿਨਾ ਨੂੰ ਦੋ ਸਟੈਂਡਿੰਗ ਕਾਊਂਟ ਮਿਲੇ, ਜਿਸ ਤੋਂ ਬਾਅਦ ਪ੍ਰੀਤੀ ਨੂੰ ਆਰ ਐੱਸ ਸੀ ਨਾਲ ਵਿਜੇਤਾ ਐਲਾਨਿਆ ਗਿਆ।
ਭਾਰਤੀ ਮਰਦਾਂ ਦੀ ਟੇਬਲ ਟੈਨਿਸ ਟੀਮ ਕੁਆਰਟਰ ਫਾਇਨਲ ’ਚ ਪਹੁੰਚ ਗਈ। ਕਜ਼ਾਕਿਸਤਾਨ ਖਿਲਾਫ਼ ਆਖਰੀ ਮੁਕਾਬਲੇ ’ਚ ਸ਼ਰਦ ਕਮਲ ਇੱਕ ਸਮੇਂ 0-2 ਨਾਲ ਪਿੱਛੇ ਸੀ, ਪਰ ਵਾਪਸੀ ਕਰਦੇ ਹੋਏ ਉਸ ਨੇ ਮੁਕਾਬਲਾ ਜਿੱਤ ਲਿਆ। ਇਸ ਜਿੱਤ ਨੇ ਭਾਰਤ ਨੂੰ ਕੁਆਰਟਰ ਫਾਇਨਲ ਦਾ ਟਿਕਟ ਦਿਵਾ ਦਿੱਤਾ। ਇਸੇ ਤਰ੍ਹਾਂ ਭਾਰਤੀ ਮੁੱਕੇਬਾਜ਼ ਪ੍ਰੀਤੀ ਕੁਆਰਟਰ ਫਾਇਨਲ ’ਚ ਪਹੁੰਚ ਗਈ। ਉਸ ਨੇ ਆਰ ਏ ਸੀ ਦੇ ਮਾਧਿਅਮ ਤੋਂ ਜਾਰਡਨ ਦੀ ਐਸ ਅਹਿਲਸਨਤ ਨੂੰ ਹਰਾਇਆ। ਕੁਆਰਟਰ ਫਾਇਨਲ ’ਚ ਪ੍ਰੀਤੀ ਦਾ ਮੁਕਾਬਲਾ ਕਜ਼ਾਕਿਸਤਾਨ ਦੀ ਜ਼ੈੱਡ ਸ਼ੇਕੇਰਬੇਕੋਵਾ ਨਾਲ ਹੋਵੇਗਾ।
ਭਾਰਤੀ ਵਾਲੀਬਾਲ ਟੀਮ ਕੁਆਰਟਰ ਫਾਇਨਲ ਮੁਕਾਬਲਾ ਜਾਪਾਨ ਖਿਲਾਫ਼ 3-0 ਨਾਲ ਹਾਰ ਗਈ। ਸਾਊਥ ਕੋਰੀਆ ਅਤੇ ਤਾਇਵਾਨ ਵਰਗੀਆਂ ਮਜ਼ਬੂਤ ਟੀਮਾਂ ਨੂੰ ਭਾਰਤ ਨੇ ਹਰਾਇਆ, ਪਰ ਜਾਪਾਨ ਦੀ ਚੁਣੌਤੀ ਅੱਗੇ ਢੇਰ ਹੋ ਗਈ। ਏਸ਼ੀਅਨ ਖੇਡਾਂ ’ਚ ਜਾਪਾਨ ਦੀ ਵਾਲੀਬਾਲ ਟੀਮ ਦੇ ਨਾਂਅ 8 ਸੋਨੇ ਦੇ ਤਮਗੇ ਹਨ।

LEAVE A REPLY

Please enter your comment!
Please enter your name here